ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਸ਼ਰਾਬ ਦੀ ਖਪਤ ਨੇ ਤੋੜੇ ਸਾਰੇ ਰਿਕਾਰਡ

ਟੋਰਾਂਟੋ, 8 ਦਸੰਬਰ (ਪੰਜਾਬ ਮੇਲ)- ਕੈਨੇਡੀਅਨ ਸਰਕਾਰ ਵੱਲੋਂ ਮਾਰੀਜੁਆਨਾ ਦੇ ਕਾਨੂੰਨੀਕਰਨ ਲਈ ਜੁਲਾਈ 2018 ਦਾ ਸਮਾਂ ਤੈਅ ਕੀਤਾ ਗਿਆ ਹੈ ਪਰ ਇਸ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਸ਼ਰਾਬ ਦੀ ਖਪਤ ਵੀ ਪਿਛਲੇ ਸਾਰੇ ਰਿਕਾਰਡ ਤੋੜਦੀ ਦਿਖਾਈ ਦੇ ਰਹੀ ਹੈ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਸ਼ਰਾਬ ਪੀਣ ਦੇ ਆਦੀਆਂ ਦੀ ਗਿਣਤੀ ਵਧ ਰਹੀ ਹੈ। ਇਸ ਦੇ ਨਾਲ ਹੀ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਰੋਗੀਆਂ ਦੀ ਗਿਣਤੀ ਵੀ ਹਸਪਤਾਲਾਂ ‘ਚ ਵਧਦੀ ਜਾ ਰਹੀ ਹੈ। ਸ਼ਰਾਬ ਕਾਰਨ ਹਸਪਤਾਲ ਜਾਣ ਵਾਲਿਆਂ ‘ਚ ਬ੍ਰਿਟਿਸ਼ ਕੋਲੰਬੀਆ ਸੂਬਾ ਕੈਨੇਡਾ ਭਰ ‘ਚੋਂ ਮੋਹਰੀ ਹੈ। ਬੀ. ਸੀ. ਨਿਵਾਸੀ ਹਰ ਸਾਲ 9.4 ਲਿਟਰ ਸ਼ੁੱਧ ਅਲਕੋਹਲ ਪੀ ਜਾਂਦੇ ਹਨ। ਅੰਦਾਜ਼ੇ ਮੁਤਾਬਕ ਬੀ. ਸੀ. ਦਾ ਇਕ ਨਿਵਾਸੀ ਹਫਤੇ ਦੀਆਂ 14 ਬੀਅਰਾਂ ਜਾਂ 2.5 ਲਿਟਰ ਵਾਈਨ ਪੀ ਜਾਂਦਾ ਹੈ।
ਸ਼ਰਾਬ ਦੀ ਖਪਤ ਵਧਣ ਪਿੱਛੇ ਇਕ ਵੱਡਾ ਕਾਰਨ ਬੀ. ਸੀ. ਸਰਕਾਰ ਵੱਲੋਂ ਪੰਜਾਬ ਵਾਂਗ ਥਾਂ-ਥਾਂ ਠੇਕੇ ਖੋਲ੍ਹੀ ਜਾਣਾ ਹੈ ਤਾਂ ਕਿ ਕਮਾਈ ਵਧ ਸਕੇ ਪਰ ਇਹ ਕਮਾਈ ਹਸਪਤਾਲਾਂ ਦਾ ਆਮ ਲੋਕਾਂ ‘ਤੇ ਪੈ ਰਿਹਾ ਬੋਝ ਵਧਾ ਰਹੀ ਹੈ।