ਕੈਨੇਡਾ ਦੇ ਕਈ ਸੂਬਿਆਂ ’ਚ ਨਹੀਂ ਹੋਇਆ ਤਾਲਾਬੰਦੀ ਦਾ ਫਾਇਦਾ: ਬੇਕਾਬੂ ਹੁੰਦਾ ਜਾ ਰਿਹੈ ਕੋਰੋਨਾ

67
Share

ਕਿਊਬਿਕ, 14 ਜਨਵਰੀ (ਪੰਜਾਬ ਮੇਲ)- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹਾਲ ਹੀ ਦੇ 3-4 ਮਹੀਨਿਆਂ ਤੋਂ ਬਹੁਤ ਵਧ ਗਏ ਹਨ। ਕਈ ਸੂਬਿਆਂ ਵਿਚ ਤਾਲਾਬੰਦੀ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਹੈ। ਓਨਟਾਰੀਓ ਤੇ ਕਿਊਬਿਕ ਸੂਬਿਆਂ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਇਥੇ ਤਾਲਾਬੰਦੀ ਲੱਗੀ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਕੁਝ ਖੇਤਰਾਂ ਵਿਚ ਕੋਰੋਨਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਨਿਯਮ ਲਾਗੂ ਕਰਨ ਵਿਚ ਗਲਤੀ ਕਿੱਥੇ ਹੋ ਰਹੀ ਹੈ?
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਕੋਰੋਨਾ ਪਾਬੰਦੀਆਂ ਦੀ ਅਣਗਹਿਲੀ ਕਰਦੇ ਹੋਏ ਫੜੇ ਗਏ ਹਨ। ਕਈ ਵਾਰ ਸ਼ਾਪਿੰਗ ਮਾਲ ਅੰਦਰ ਬਿਨਾਂ ਮਾਸਕ ਪਾਏ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਅਤੇ ਕਈ ਵਾਰ ਲੋਕ ਚੋਰੀ-ਚੋਰੀ ਪਾਰਟੀਆਂ ਕਰਦੇ ਫੜੇ ਜਾਂਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਲੋਕ ਖ਼ੁਦ ਵੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ ਅਤੇ ਇਸੇ ਲਈ ਮਾਮਲੇ ਵਧਦੇ ਜਾ ਰਹੇ ਹਨ।
ਓਟਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਰੇਵਾਟ ਨੇ ਦੱਸਿਆ ਕਿ ਜਦੋਂ ਪਿਛਲੇ ਸਾਲ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਤੇ ਕੈਨੇਡਾ ਵਿਚ ਮਾਮਲੇ ਮਿਲਣੇ ਸ਼ੁਰੂ ਹੋਏ ਤਾਂ ਪੂਰੀ ਤਰ੍ਹਾਂ ਤਾਲਾਬੰਦੀ ਕੀਤੀ ਗਈ ਸੀ। ਕੋਈ ਵਿਅਕਤੀ ਆਪਣਾ ਘਰ ਛੱਡ ਕੇ ਜਾ ਨਹੀਂ ਸਕਦਾ ਸੀ ਅਤੇ ਸਾਰੇ ਵਪਾਰਕ ਅਦਾਰੇ ਲਗਭਗ ਬੰਦ ਸਨ। ਇਸੇ ਲਈ ਉਸ ਸਮੇਂ ਕੋਰੋਨਾਵਾਇਰਸ ਦੇ ਬਹੁਤ ਘੱਟ ਮਾਮਲੇ ਦਰਜ ਹੋਏ। ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਕਹਿਣ ਲਈ ਹੀ ਤਾਲਾਬੰਦੀ ਹੈ ਕਿਉਂਕਿ ਕੁਝ ਵਪਾਰਕ ਅਦਾਰੇ ਖੁੱਲ੍ਹੇ ਹਨ ਤੇ ਕੁਝ ਬੰਦ ਹਨ। ਇਸ ਲਈ ਲੋਕ ਕਿਸੇ ਨਾ ਕਿਸੇ ਤਰੀਕੇ ਕੋਰੋਨਾ ਪਾਬੰਦੀਆਂ ਨੂੰ ਤੋੜ ਰਹੇ ਹਨ ਅਤੇ ਮਾਮਲੇ ਵੀ ਵਧਦੇ ਜਾ ਰਹੇ ਹਨ।
ਡਾ. ਮਿਸ਼ੇਲ ਗਾਰਦਾਮ ਨੇ ਵੀ ਇਹ ਹੀ ਕਿਹਾ ਕਿ ਪਹਿਲਾਂ ਤਾਲਾਬੰਦੀ ਸਮੇਂ ਸੜਕਾਂ ਖਾਲੀ ਹੁੰਦੀਆਂ ਸਨ ਅਤੇ ਕੋਈ ਵੀ ਵਿਅਕਤੀ ਘਰੋਂ ਨਿਕਲਣ ਤੋਂ ਵੀ ਡਰਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਓਨਟਾਰੀਓ ਸੂਬੇ ਵਿਚ ਪਹਿਲਾਂ ਜਿੱਥੇ 2 ਹਜ਼ਾਰ ਮਾਮਲੇ ਰੋਜ਼ਾਨਾ ਦਰਜ ਹੁੰਦੇ ਸਨ, ਉੱਥੇ ਹੁਣ ਇਹ ਦੁੱਗਣੇ ਹੋ ਗਏ ਹਨ ਅਤੇ ਬੀਤੇ ਦਿਨ 4,249 ਲੋਕ ਕੋਰੋਨਾ ਦੇ ਸ਼ਿਕਾਰ ਹੋਏ। ਅਜਿਹਾ ਹੀ ਹਾਲ ਕਿਊਬਿਕ ਦਾ ਵੀ ਹੈ।

Share