ਕੈਨੇਡਾ ਤੇ ਅਮਰੀਕਾ ‘ਚ 6 ਸਤੰਬਰ ਦਾ ਦਿਨ ਜਸਵੰਤ ਖਾਲੜਾ ਦੀ ਯਾਦ ਨੂੰ ਕੀਤਾ ਸਮਰਪਿਤ

83
Share

-ਮਨੁੱਖੀ ਹੱਕਾਂ ਲਈ ਖਾਲੜਾ ਦੀ ਅਲੰਬਰਦਾਰੀ ਨੂੰ ਮਿਲੀ ਮਾਨਤਾ
ਵੈਨਕੂਵਰ, 9 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਕਾਲੇ ਦੌਰ ‘ਚ ਮਨੁੱਖੀ ਹੱਕਾਂ ਦੀ ਮਸ਼ਾਲ ਲੈ ਕੇ ਵਿਚਰਦੇ ਰਹੇ ਜਸਵੰਤ ਸਿੰਘ ਖਾਲੜਾ ਦੀ 25ਵੀਂ ਬਰਸੀ ਮੌਕੇ ਕੈਨੇਡਾ ਅਤੇ ਅਮਰੀਕਾ ਦੀਆਂ 14 ਮਿਉਂਸਿਪੈਲਟੀਆਂ ਨੇ ਹਰ ਸਾਲ 6 ਸਤੰਬਰ ਦਾ ਦਿਨ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਪੰਜਾਬੀ ਭਾਈਚਾਰੇ ਵੱਲੋਂ ਕਈ ਥਾਈਂ ਸ਼੍ਰੀ ਖਾਲੜਾ ਦੀ ਯਾਦ ਵਿਚ ਸ਼ਹੀਦੀ ਸਮਾਗਮ ਕੀਤੇ ਗਏ। ਬੁਲਾਰਿਆਂ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਦੀ ਲੜਾਈ ਆਪਣੀ ਜਾਨ ਦਾਅ ‘ਤੇ ਰੱਖ ਕੇ ਜਾਰੀ ਰੱਖੀ ਸੀ ਅਤੇ ਉਨ੍ਹਾਂ ਕੈਨੇਡਾ ਸਰਕਾਰ ਦੀ ਪਰਿਵਾਰ ਸਮੇਤ ਸ਼ਰਨ ਦੇਣ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਬਾਅਦ ‘ਚ ਜਦੋਂ ਉਹ ਪੰਜਾਬ ਗਏ ਤਾਂ ਪੁਲਿਸ ਨੇ ਊਨ੍ਹਾਂ ਨੂੰ ਤਸੀਹੇ ਦੇ ਕੇ ਖਪਾ ਦਿੱਤਾ ਸੀ। ਅਮਰੀਕੀ ਸ਼ਹਿਰ ਫ਼ਰਿਜ਼ਨੋ ਵਿਚ ਇਕ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਰੱਖਿਆ ਗਿਆ ਹੈ। ਕੈਨੇਡਾ ਦੇ ਸ਼ਹਿਰਾਂ ਬਰਨਬੀ, ਸਰੀ, ਨਿਊ ਵੈਸਟ, ਵਿਕਟੋਰੀਆ, ਵੈਨਕੂਵਰ ਅਤੇ ਰਿਜਾਈਨਾਂ ਆਦਿ ਕਰੀਬ 14 ਪ੍ਰਮੁੱਖ ਸ਼ਹਿਰਾਂ ਦੀਆਂ ਮਿਉਂਸਿਪੈਲਟੀਆਂ ਨੇ ਹਰ ਸਾਲ 6 ਸਤੰਬਰ ਦਾ ਦਿਨ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਰਨ ਬਾਰੇ ਮਤੇ ਪਾਸ ਕੀਤੇ ਹਨ। ਫ਼ਰਿਜ਼ਨੋ ਦੇ ਮੇਅਰ ਲੀ ਬਰੈਂਡ ਵੀ ਇਸ ਲਹਿਰ ‘ਚ ਸ਼ਾਮਲ ਹੋਏ ਤੇ ਉਨ੍ਹਾਂ ਮਿਉਂਸਿਪੈਲਟੀ ਵੱਲੋਂ ਸ਼੍ਰੀ ਖਾਲੜਾ ਦੇ ਹੌਸਲੇ ਦੀ ਤਾਰੀਫ ਕਰਦਿਆਂ ਹਰ ਸਾਲ ਇਹ ਦਿਨ ਉਨ੍ਹਾਂ ਨੂੰ ਸਮਰਿਪਤ ਕਰਨ ਬਾਰੇ ਪੱਤਰ ਜਾਰੀ ਕੀਤਾ।


Share