ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਗਏ 21 ਸਾਲਾਂ ਨੌਜਵਾਨ ਵੱਲੋਂ ਖੁਦਕੁਸ਼ੀ

65
Share

ਜਲੰਧਰ, 26 ਸਤੰਬਰ (ਪੰਜਾਬ ਮੇਲ)- ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਗਏ 21 ਸਾਲਾਂ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੀ.ਏ.ਪੀ. ਜਲੰਧਰ ਵੱਜੋਂ ਹੋਈ। ਪੰਜਾਬ ਪੁਲਿਸ ‘ਚ ਏ.ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 2017 ‘ਚ ਸਟੱਡੀ ਵੀਜ਼ਾ ‘ਤੇ ਗਿਆ ਸੀ। ਉਹ ਸਰੀ ਵਿਚ ਪੜ੍ਹਦਾ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਕੰਮ ਵੀ ਕਰਦਾ ਸੀ ਪਰ ਉਸ ਨੇ ਕਦੇ ਪੈਸੇ ਨਹੀਂ ਸੀ ਭੇਜੇ। ਨਵੰਬਰ 2019 ‘ਚ ਉਸ ਨੇ ਫੀਸ ਲਈ 20 ਲੱਖ ਰੁਪਏ ਮੰਗਵਾਏ। ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਦੱਸਿਆ ਕਿ ਉਹ ਇੱਕ ਲੜਕੀ ਦੇ ਚੱਕਰ ਵਿਚ ਫਸ ਗਿਆ ਹੈ ਤੇ ਸਾਰੇ ਪੈਸੇ ਲੜਕੀ ਨੂੰ ਦੇ ਦਿੱਤੇ ਹਨ ਤੇ ਹੁਣ ਫੀਸ ਦੇਣ ਲਈ ਪੈਸੇ ਨਹੀਂ। ਅਮਰਿੰਦਰ ਸਿੰਘ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ ਸੀ। ਇੱਕ ਵਾਰ ਪਹਿਲਾਂ ਵੀ ਉਸ ਨੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ। ਉਦੋਂ ਉਸ ਦੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਸਮਝਾ ਦਿੱਤਾ ਸੀ। ਉਦੋਂ ਦੁਬਾਰਾ ਅਜਿਹੀ ਗਲਤੀ ਨਾ ਕਰਨ ਨੂੰ ਮੰਨ ਵੀ ਗਿਆ ਸੀ ਪਰ ਕੁਝ ਦਿਨ ਪਹਿਲਾਂ ਉਸ ਨੇ ਆਤਮ ਹੱਤਿਆ ਕਰ ਲਈ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਦੀ ਲੜਕੀ ਦੇ ਚੱਕਰ ਵਿਚ ਫਸ ਗਿਆ ਸੀ, ਜੋ ਕਰਾਚੀ ਦੀ ਰਹਿਣ ਵਾਲੀ ਸੀ। ਉਸ ਦੇ ਪੁੱਤਰ ਦੀ ਦੋਸਤੀ ਲੜਕੀ ਨਾਲ ਇੰਸਟਾਗ੍ਰਾਮ ‘ਤੇ ਹੋਈ ਸੀ ਤੇ ਉਸ ਨੂੰ ਉਹ ਫੋਨ ਵੀ ਕਰਦਾ ਰਹਿੰਦਾ ਸੀ। ਪਾਕਿਸਤਾਨ ਦੀ ਲੜਕੀ ਨੂੰ ਉਹ ਤੋਹਫੇ ਤੇ ਪੈਸੇ ਵੀ ਭੇਜਦਾ ਰਹਿੰਦਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਹੁਣ ਉਨ੍ਹਾ ਕੋਲ ਆਪਣੇ ਪੁੱਤਰ ਦੀ ਲਾਸ਼ ਮੰਗਵਾਉਣ ਜੋਗੇ ਵੀ ਪੈਸੇ ਨਹੀਂ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਲਾਸ਼ ਮੰਗਵਾਉਣ ਦਾ ਪ੍ਰਬੰਧ ਕੀਤਾ ਜਾਵੇ।


Share