ਕੈਨੇਡਾ ’ਚ ਸ਼ਰਾਰਤੀ ਅਨਸਰਾਂ ਨੇ ਲਾਈ ਸਿੱਖ ਪਰਿਵਾਰ ਦਾ ਮੋਟਲ ਨੂੰ ਅੱਗ ; ਇਕ ਦੀ ਮੌਤ

ਟੋਰਾਂਟੋ, 16 ਅਕਤੂਬਰ (ਪੰਜਾਬ ਮੇਲ)- ਕੈਨੇਡਾ ਵਿੱਚ ਇਕ ਸਿੱਖ ਪਰਿਵਾਰ ਦਾ ਮੋਟਲ ਸੜ ਕੇ ਸੁਆਹ ਹੋ ਗਿਆ। ਇਸ ਮੰਦਭਾਗੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਝੁਲਸ ਗਏ ਹਨ। ਪੁਲੀਸ ਨੂੰ ਇਸ ਮੋਟਲ ਉਤੇ ਕੁੱਝ ਨਸਲੀ ਟਿੱਪਣੀਆਂ ਲਿਖੀਆਂ ਹੋਣ ਬਾਰੇ ਪਤਾ ਲੱਗਾ ਹੈ, ਜਿਸ ਕਾਰਨ ਇਹ ਪੂਰੀ ਘਟਨਾ ਪਿੱਛੇ ਸਾਜ਼ਿਸ਼ ਹੋਣ ਦਾ ਸ਼ੱਕ ਪੈਦਾ ਹੋ ਗਿਆ ਹੈ।
ਅਲਬਰਟਾ ਸੂਬੇ ਵਿੱਚ ਟਿਵਾਣਾ ਪਰਿਵਾਰ ਦੇ ‘ਬਾਸ਼ਾ ਮੋਟਰ ਇਨ’ ਵਿੱਚ ਇਕ ਧਮਾਕੇ ਦੀ ਆਵਾਜ਼ ਗੁਆਂਢੀਆਂ ਨੂੰ ਸੁਣਾਈ ਦਿੱਤੀ ਅਤੇ ਉਨ੍ਹਾਂ ਉਸ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖੀਆਂ। ਗੁਰਪ੍ਰੀਤ ਟਿਵਾਣਾ ਤੇ ਬਰਿੰਦਰ ਟਿਵਾਣਾ ਦੇ ਨਾਂ ਰਜਿਸਟਰਡ ਇਸ ਮੋਟਲ ਨੇੜੇ ਰਹਿਣ ਵਾਲੇ ਲੋਕ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਦੋ ਦਿਨਾਂ ਵਿੱਚ ਇਸ ਪਰਿਵਾਰ ਦੀ ਮਦਦ ਲਈ ਅੱਠ ਹਜ਼ਾਰ ਡਾਲਰ ਤੋਂ ਵੱਧ ਧਨ ਇਕੱਤਰ ਕੀਤਾ ਹੈ। ਇਕ ਗੁਆਂਢੀ ਫੈਜ਼ਲ ਮਦੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਪਿਛਲੇ ਐਤਵਾਰ ਦੀ ਰਾਤ ਨੂੰ ਬਾਸ਼ਾ ਮੋਟਲ ਵਿੱਚ ਹੋਏ ਜ਼ੋਰਦਾਰ ਧਮਾਕੇ ਅਤੇ ਉਸ ਬਾਅਦ ਰੋਣ-ਕਰਲਾਉਣ ਦੀਆਂ ਆਵਾਜ਼ਾਂ ਨੂੰ ਕਦੇ ਵੀ ਨਹੀਂ ਭੁੱਲ ਸਕੇਗਾ। ਉਸ ਨੇ ਟਿਵਾਣਾ ਪਰਿਵਾਰ ਦੀ ਇਕ ਔਰਤ ਤੇ ਦੋ ਬੱਚਿਆਂ ਦੀ ਜਾਨ ਬਚਾਈ ਹੈ। ਮਦੀ ਅਨੁਸਾਰ ਤਿੰਨੇ ਬੁਰੀ ਤਰ੍ਹਾਂ ਝੁਲਸ ਗਏ ਹਨ। ਇਹ ਦੋਵੇਂ ਮੁੰਡੇ ਆਪਣੇ ਪਿਉ ਲਈ ਰੋ-ਕੁਰਲਾ ਰਹੇ ਸਨ, ਜੋ ਅੰਦਰ ਸੀ। ਉਂਜ ਉਨ੍ਹਾਂ ਦੇ ਪਿਤਾ ਬਾਰੇ ਪਤਾ ਨਹੀਂ ਲੱਗ ਸਕਿਆ ਹੈ, ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਜੋ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਮਿਲੀ ਹੈ ਉਨ੍ਹਾਂ ਦੇ ਪਿਤਾ ਦੀ ਹੈ ਪਰ ਜਾਂਚ ਬਾਅਦ ਹੀ ਇਸ ਦੀ ਪੁਸ਼ਟੀ ਹੋਵੇਗੀ। ਪੁਲੀਸ ਅਨੁਸਾਰ ਮੋਟਲ ਉਤੇ ਨਸਲੀ ਟਿੱਪਣੀ ਲਿਖੀ ਹੋਈ ਹੈ ਪਰ ਜਾਂਚਕਾਰਾਂ ਨੂੰ ਫਿਲਹਾਲ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਨਾਲ ਅੱਗ ਲੱਗਣ ਤੇ ਟਿੱਪਣੀ ਵਿਚਾਲੇ ਕੋਈ ਸਬੰਧ ਸਥਾਪਤ ਹੁੰਦਾ ਹੋਵੇ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਘਟਨਾ ਉਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।
There are no comments at the moment, do you want to add one?
Write a comment