ਕੈਨੇਡਾ ’ਚ ਕਰੋਨਾ ਦਾ ਕਹਿਰ: ਕਿਊਬਿਕ ਦੇ ਮੁੱਖ ਮੰਤਰੀ ਨੇ ਹਾਲਾਤ ਨਾਜ਼ੁਕ ਹੋਣ ਦੀ ਦਿੱਤੀ ਚਿਤਾਵਨੀ

329
Share

-ਕਿਹਾ: ਡਾਕਟਰਾਂ ਨੂੰ ਚੁਣਨਾ ਪੈ ਸਕਦਾ ਹੈ ਕਿ ਆਈ.ਸੀ.ਯੂ. ’ਚ ਦਾਖ਼ਲ ਮਰੀਜ਼ਾਂ ’ਚੋਂ ਕਿਸ ਨੂੰ ਬਚਾਇਆ ਜਾਵੇ
ਮਾਂਟਰੀਅਲ, 13 ਜਨਵਰੀ (ਪੰਜਾਬ ਮੇਲ)- ਕਿਊਬਿਕ ਸੂਬੇ ’ਚ ਲੋਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ ਨੇ ਵੱਡੀ ਚਿਤਾਵਨੀ ਦਿੱਤੀ ਹੈ ਕਿ ਮਾਂਟਰੀਅਲ ਹਸਪਤਾਲ ਹੁਣ ਉਸ ਮੁਕਾਮ ਦੇ ਨੇੜੇ ਹਨ, ਜਦੋਂ ਡਾਕਟਰਾਂ ਅਤੇ ਨਰਸਾਂ ਨੂੰ ਇਹ ਚੁਣਨਾ ਪੈ ਸਕਦਾ ਹੈ ਕਿ ਕਿਹੜੇ ਲੋਕਾਂ ਨੂੰ ਮਰਨ ਦਿੱਤਾ ਜਾਵੇ ਅਤੇ ਕਿਨ੍ਹਾਂ ਨੂੰ ਬਚਾਇਆ ਜਾਵੇ।
ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣ ਰਹੇ ਹਨ ਕਿ ਨਾ ਬਚਣ ਵਾਲੇ ਆਈ.ਸੀ.ਯੂ. ਮਰੀਜ਼ਾਂ ਨੂੰ ਵੈਂਟੀਲੇਟਰਾਂ ਤੋਂ ਹਟਾਇਆ ਜਾ ਸਕਦਾ ਹੈ, ਤਾਂ ਜੋ ਕਿਸੇ ਦੂਜੇ ਦੀ ਜਾਨ ਬਚਾਈ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਇਕੱਠ ਕਰਨ ਤੋਂ ਬਚੋ, ਖ਼ਾਸਕਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲ, ਕਿਉਂਕਿ ਕੋਵਿਡ-19 ਸੰਕਰਮਣ ਕਾਰਨ ਇਨ੍ਹਾਂ ਦੇ ਹਸਪਤਾਲ ’ਚ ਦਾਖ਼ਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਬਹੁਤ ਨਾਜ਼ੁਕ ਹੈ, ਖ਼ਾਸਕਰ ਗ੍ਰੇਟਰ ਮਾਂਟਰੀਅਲ ਖੇਤਰ ਵਿਚ। ਸੋਮਵਾਰ ਦੁਪਹਿਰ ਮਾਂਟਰੀਅਲ ’ਚ ਤਾਜ਼ਾ ਕੋਵਿਡ-19 ਅਪਡੇਟ ਵਿਚ ਮੁੱਖ ਮੰਤਰੀ ਫ੍ਰੈਕੋਂਇਸ ਲੇਗਲੌਟ ਨੇ ਕਿਹਾ, ‘‘ਸਾਡੇ ਐਮਰਜੈਂਸੀ ਵਾਰਡਾਂ ’ਤੇ ਦਬਾਅ ਹੈ, ਸਰਜਰੀਆਂ ਨੂੰ ਮੁਲਤਵੀ ਕਰਨਾ ਪਵੇਗਾ। ਮੈਂ ਜਾਣਦਾ ਹਾਂ ਲੋਕ ਸਮਝਣਗੇ।’’
ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਹਸਪਤਾਲਾਂ ’ਚ 1,436 ਕੋਵਿਡ-19 ਪਾਜ਼ੀਟਿਵ ਮਰੀਜ਼ ਹਨ, ਬਹੁਤ ਸਾਰੇ ਹਸਪਤਾਲਾਂ ਵਿਚ ਜਗ੍ਹਾ ਨਹੀਂ ਹੈ, ਖ਼ਾਸਕਰ ਮਾਂਟਰੀਅਲ ਖੇਤਰ ਵਿਚ। ਹਾਲਾਤ ਉਸ ਮੋੜ ’ਤੇ ਹਨ, ਜਿੱਥੇ ਮਾਂਟਰੀਅਲ ਹਸਪਤਾਲਾਂ ਦਾ ਸਟਾਫ਼ ਭਿਆਨਕ ਸਥਿਤੀ ਨਾਲ ਨਜਿੱਠਣ ਲਈ ‘‘ਐਡਵਾਂਸਡ ਟ੍ਰੀਆਜ਼ ਪ੍ਰੋਟੋਕੋਲ’’ ਦੀ ਆਨਲਾਈਨ ਸਿਖਲਾਈ ਲੈ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਜਲਦ ਹੀ ਡਾਕਟਰਾਂ ਨੂੰ ਇਹ ਚੁਣਨਾ ਪਵੇ ਕਿ ਆਈ.ਸੀ.ਯੂ. ’ਚ ਦਾਖ਼ਲ ਮਰੀਜ਼ਾਂ ਵਿਚੋਂ ਕਿਸ ਨੂੰ ਬਚਾਇਆ ਜਾਵੇ ਅਤੇ ਕਿਹੜਿਆਂ ਨੂੰ ਮਰਨ ਦਿੱਤਾ ਜਾਵੇ।

Share