ਕੈਨੇਡਾ ਚੋਣਾਂ ਵਿਚ ਪੰਜਾਬੀਆਂ ਦੀ ਫਿਰ ਬੱਲੇ-ਬੱਲੇ

ਦੁਨੀਆਂ ਵਿਚ ਕੈਨੇਡਾ ਅਜਿਹਾ ਮੁਲਕ ਬਣਦਾ ਜਾ ਰਿਹਾ ਹੈ, ਜਿੱਥੇ ਹੋਰਨਾਂ ਖੇਤਰਾਂ ਦੇ ਨਾਲ-ਨਾਲ ਪੰਜਾਬੀ ਸਿਆਸਤ ਖੇਤਰ ਵਿਚ ਵੀ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਪਿਛਲੇ ਹਫਤੇ ਕੈਨੇਡਾ ਦੀ ਫੈਡਰਲ ਸਰਕਾਰ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆਂ ਵਿਚ ਮੁੜ ਫਿਰ ਪੰਜਾਬੀਆਂ ਦੀ ਬੱਲੇ-ਬੱਲੇ ਹੋਈ ਹੈ। ਕੈਨੇਡਾ ਦੀ ਪਿਛਲੀ ਪਾਰਲੀਮੈਂਟ ਵਿਚ 19 ਪੰਜਾਬੀ ਪਾਰਲੀਮੈਂਟ ਮੈਂਬਰ ਸਨ ਅਤੇ ਇਨ੍ਹਾਂ ਵਿਚੋਂ 4 ਕੈਬਨਿਟ ਮੰਤਰੀ ਬਣੇ ਸਨ। ਇਸ ਵਾਰ ਭਾਵੇਂ 65 ਦੇ ਕਰੀਬ-ਕਰੀਬ ਸਿੱਖ ਆਗੂ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਖੜ੍ਹੇ ਸਨ ਅਤੇ ਇਨ੍ਹਾਂ ਵਿਚੋਂ 19 ਮੈਂਬਰ ਪਾਰਲੀਮੈਂਟ ਬਣਨ ਵਿਚ ਕਾਮਯਾਬ ਰਹੇ ਹਨ। ਸਭ ਤੋਂ ਵੱਧ ਕੈਨੇਡਾ ਦੀ ਹੁਕਮਰਾਨ ਪਾਰਟੀ ਲਿਬਰਲ ਵੱਲੋਂ 14 ਪਾਰਲੀਮੈਂਟ ਮੈਂਬਰ ਬਣੇ ਹਨ, ਜਦਕਿ ਕੰਜ਼ਰਵੇਟਿਵ ਪਾਰਟੀ ਦੇ 4 ਸਿੱਖ ਉਮੀਦਵਾਰ ਜੇਤੂ ਰਹੇ ਹਨ ਅਤੇ ਐੱਨ.ਡੀ.ਪੀ. ਵੱਲੋਂ ਇਕੋ-ਇਕ ਜਿੱਤਿਆ ਮੈਂਬਰ ਪਾਰਲੀਮੈਂਟ ਇਸ ਦਾ ਪਹਿਲੀ ਵਾਰ ਬਣਿਆ ਸਿੱਖ ਪ੍ਰਧਾਨ ਜਗਮੀਤ ਸਿੰਘ ਹੈ। ਕੈਨੇਡਾ ਦੀ ਪਾਰਲੀਮੈਂਟ ਚੋਣ ਵਿਚ ਐਡਮਿੰਟਨ, ਕੈਲਗਰੀ, ਸਰ੍ਹੀ, ਵੈਨਕੂਵਰ, ਐਬਟਸਫੋਰਡ, ਵਿੰਨੀਪੈੱਗ, ਟੋਰਾਂਟੋ ਅਤੇ ਕਿਊਬਿਕ ਦੇ ਕੁੱਝ ਖੇਤਰਾਂ ਵਿਚ ਪੰਜਾਬੀਆਂ ਦੀ ਬੜੀ ਅਹਿਮ ਛਾਪ ਰਹੀ ਹੈ। ਕੈਨੇਡਾ ਵਿਚ ਇਸ ਸਮੇਂ ਪੰਜਾਬੀਆਂ ਦੀ ਕੁੱਲ ਵਸੋਂ ਕੈਨੇਡਾ ਦੀ ਵਸੋਂ ਦਾ ਸਾਢੇ ਕੁ ਤਿੰਨ ਫੀਸਦੀ ਹੈ। ਪਰ ਚੋਣਾਂ ਵਿਚ ਖੜ੍ਹੇ ਉਮੀਦਵਾਰ ਕਰੀਬ 7 ਫੀਸਦੀ ਸਨ, ਜਦਕਿ ਜਿੱਤੇ ਉਮੀਦਵਾਰਾਂ ਦੀ ਫੀਸਦੀ ਤਾਂ ਕਿਤੇ ਵਧੇਰੇ ਹੈ। ਕੈਨੇਡਾ ਵਿਚ ਪੰਜਾਬੀਆਂ ਨੂੰ ਆਇਆਂ ਕਰੀਬ 150 ਸਾਲ ਹੋਣ ਵਾਲੇ ਹਨ। ਇਸ ਸਮੇਂ ਦੌਰਾਨ ਪੰਜਾਬੀਆਂ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਨਿਪੁੰਨਤਾ ਸੱਦਕੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ। ਭਾਰਤੀ ਆਜ਼ਾਦੀ ਲਹਿਰ ਵਿਚ ਵੀ ਕੈਨੇਡਾ ਵਸਦੇ ਪੰਜਾਬੀ ਬੜਾ ਅਹਿਮ ਰੋਲ ਅਦਾ ਕਰਦੇ ਰਹੇ ਹਨ। ਅਨੇਕਾਂ ਗਦਰੀ ਬਾਬਿਆਂ ਦੀਆਂ ਯਾਦਾਂ ਇਸ ਧਰਤੀ ਨਾਲ ਜੁੜੀਆਂ ਹੋਈਆਂ ਹਨ। ਕਾਮਾਗਾਟਾ ਮਾਰੂ ਸਾਕੇ ਦਾ ਇਤਿਹਾਸ ਵੀ ਵੈਨਕੂਵਰ ਦੀ ਧਰਤੀ ਨਾਲ ਸੰਬੰਧਤ ਹੈ। ਉਸ ਸਮੇਂ ਪੰਜਾਬੀਆਂ ਨੇ ਨਸਲਵਾਦ ਵਿਰੁੱਧ ਲੰਬੀਆਂ ਲੜਾਈਆਂ ਲੜੀਆਂ। ਕੈਨੇਡਾ ਵਿਚ ਚੰਗੇਰੀ ਜ਼ਿੰਦਗੀ ਅਤੇ ਨਸਲਵਾਦ ਵਿਰੁੱਧ ਸਿੱਖਾਂ ਦੀ ਲੜਾਈ ਦਾ ਲੰਬਾ ਇਤਿਹਾਸ ਹੈ। ਪਰ 1980ਵਿਆਂ ਤੋਂ ਬਾਅਦ ਕੈਨੇਡਾ ਵਿਚ ਪੰਜਾਬੀ ਵਸੋਂ ਦੇ ਤੇਜ਼ੀ ਨਾਲ ਵਾਧੇ ਸਦਕਾ ਸਾਡੇ ਲੋਕਾਂ ਨੂੰ ਤਰੱਕੀ ਕਰਨ ਦੇ ਹੋਰ ਵਧੇਰੇ ਮੌਕੇ ਮਿਲੇ ਹਨ। ਇਸ ਵੇਲੇ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿੱਥੇ ਪੰਜਾਬੀ ਵਸੋਂ ਬਹੁਲਤਾ ਦੀ ਹਾਲਤ ਵਿਚ ਪਹੁੰਚ ਚੁੱਕੀ ਹੈ। ਕੰਸਟਰੱਕਸ਼ਨ, ਟਰੱਕਿੰਗ ਵਰਗੇ ਕਾਰੋਬਾਰਾਂ ਉਪਰ ਤਾਂ ਕਈ ਖੇਤਰਾਂ ਵਿਚ ਪੰਜਾਬੀਆਂ ਦੀ ਸਰਦਾਰੀ ਮੰਨੀ ਜਾ ਰਹੀ ਹੈ। ਇਸੇ ਤਰ੍ਹਾਂ ਵਿੱਦਿਅਕ ਅਤੇ ਸਿੱਖਿਆ ਦੇ ਹੋਰ ਖੇਤਰਾਂ ਵਿਚ ਵੀ ਪੰਜਾਬੀ ਚੰਗੀ ਨਾਮਨਾ ਖੱਟ ਰਹੇ ਹਨ। ਪਰ ਸਿਆਸੀ ਖੇਤਰ ਵਿਚ ਕੈਨੇਡਾ ਅੰਦਰ ਕੀਤੀ ਤਰੱਕੀ ਨੇ ਪੰਜਾਬੀਆਂ ਦਾ ਸਿਰ ਪੂਰੀ ਦੁਨੀਆਂ ਵਿਚ ਉੱਚਾ ਕੀਤਾ ਹੈ। ਦੁਨੀਆਂ ਦੀ ਦੂਜੀ ਵੱਡੀ ਸ਼ਕਤੀ ਕਹੇ ਜਾਂਦੇ ਕੈਨੇਡਾ ਦੇ ਰੱਖਿਆ ਮੰਤਰੀ ਵਜੋਂ ਸਾਬਤ ਸੂਰਤ ਸਿੱਖ ਹਰਜੀਤ ਸਿੰਘ ਸੱਜਣ ਜਦ ਵੱਖ-ਵੱਖ ਦੇਸ਼ਾਂ ਦੇ ਮੰਚਾਂ ਉਪਰ ਜਾਂਦੇ ਹਨ, ਤਾਂ ਸਿੱਖੀ ਪਛਾਣ ਆਪਣੇ ਆਪ ਉੱਭਰਦੀ ਨਜ਼ਰ ਆਉਂਦੀ ਹੈ। ਕੈਨੇਡਾ ਦੀ ਪਾਰਲੀਮੈਂਟ ਵਿਚ ਸਿੱਖ ਨੁਮਾਇੰਦਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਅਤੇ ਸ਼ਾਨ ਸਾਡੇ ਉਸ ਦੇਸ਼ ਵਿਚ ਵੱਧ ਰਹੇ ਰੁਤਬੇ ਅਤੇ ਸਨਮਾਨ ਦੀ ਹੀ ਪ੍ਰਤੀਕ ਹੈ। ਪਿਛਲੀ ਵਾਰ ਜਦੋਂ ਜਸਟਿਨ ਟਰੂਡੋ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ, ਤਾਂ ਉਨ੍ਹਾਂ ਵੱਲੋਂ ਖੁੱਲ੍ਹਦਿਲੀ ਵਾਲੀ ਇੰਮੀਗ੍ਰੇਸ਼ਨ ਪਾਲਿਸੀ ਅਪਣਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਪੰਜਾਬੀ ਭਾਈਚਾਰੇ ਨੂੰ ਬੜਾ ਮਾਣ ਦੇਣ ਵਾਲੀ ਗੱਲ ਸੀ। ਕਿਉਂਕਿ ਬਾਹਰਲੇ ਮੁਲਕਾਂ ਵਿਚ ਪ੍ਰਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਸਟਿਨ ਟਰੂਡੋ ਵੱਲੋਂ ਪਹਿਲਾਂ ਅਨੇਕ ਸਿੱਖ ਆਗੂਆਂ ਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਅਤੇ ਫਿਰ ਉਨ੍ਹਾਂ ਵਿਚੋਂ ਕਈਆਂ ਨੂੰ ਕੈਬਨਿਟ ਮੰਤਰੀ ਬਣਾਉਣ ਨਾਲ ਪੂਰੀ ਦੁਨੀਆਂ ਦੇ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਮਿਲਿਆ ਸੀ। ਜਸਟਿਨ ਟਰੂਡੋ ਸਰਕਾਰ ਨੇ ਪਿਛਲੇ 4 ਸਾਲ ਲਗਾਤਾਰ ਸਿੱਖਾਂ ਦੇ ਮਾਣ-ਤਾਣ ਅਤੇ ਸਤਿਕਾਰ ਨੂੰ ਵਧਾਉਣ ਦਾ ਯਤਨ ਕੀਤਾ। ਇਹੀ ਕਾਰਨ ਹੈ ਕਿ ਸਿਰਫ ਕੈਨੇਡਾ ਹੀ ਨਹੀਂ, ਸਗੋਂ ਦੁਨੀਆਂ ਭਰ ਵਿਚ ਵਸੇ ਸਿੱਖ ਜਸਟਿਨ ਟਰੂਡੋ ਸਰਕਾਰ ਦੀ ਵਾਪਸੀ ਦੀਆਂ ਅਰਦਾਸਾਂ ਕਰਦੇ ਵੇਖੇ ਗਏ। ਟਰੂਡੋ ਸਰਕਾਰ ਦੀਆਂ ਇੰਮੀਗ੍ਰੇਸ਼ਨ ਬਾਰੇ ਨੀਤੀਆਂ ਦੇ ਪ੍ਰਵਾਨ ਚੜ੍ਹਨ ਵਿਚ ਪੰਜਾਬੀ ਭਾਈਚਾਰੇ ਦਾ ਵੱਡਾ ਰੋਲ ਹੈ। ਇਸ ਵੇਲੇ ਹੇਠਲੇ ਪੱਧਰ ‘ਤੇ ਕੌਂਸਲਾਂ ਤੋਂ ਲੈ ਕੇ ਵੱਖ-ਵੱਖ ਵਿਧਾਨ ਸਭਾਵਾਂ ਵਿਚ ਦਰਜਨਾਂ ਪੰਜਾਬੀ ਕੌਂਸਲਰ ਅਤੇ ਵਿਧਾਇਕ ਕੰਮ ਕਰ ਰਹੇ ਹਨ। ਕਈ ਸੂਬਾਈ ਸਰਕਾਰਾਂ ਵਿਚ ਮੰਤਰੀ ਵੀ ਹਨ। ਹਕੀਕਤ ਇਹ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ ਸਾਬਤ ਸੂਰਤ ਸਿੱਖਾਂ ਦੀ ਗਿਣਤੀ ਪੰਜਾਬ ਤੋਂ ਵਧੇਰੇ ਹੈ। ਹਾਲਾਂਕਿ ਅਸੀਂ ਮੰਨਦੇ ਹਾਂ ਕਿ ਉਥੇ ਡੇਢ ਕਰੋੜ ਤੋਂ ਵਧੇਰੇ ਸਿੱਖ ਵਸੋਂ ਹੈ। ਪਰ ਕੈਨੇਡਾ ਵਿਚ 10 ਕੁ ਲੱਖ ਦੀ ਸਿੱਖ ਵਸੋਂ ਨਾਲ ਹੀ ਵੱਡੀ ਪ੍ਰਾਪਤੀ ਹਾਸਲ ਕੀਤੀ ਹੋਈ ਹੈ।
ਲੰਘੀਆਂ ਫੈਡਰਲ ਚੋਣਾਂ ‘ਚ ਬਹੁਤੇ ਖੇਤਰਾਂ ਵਿਚ ਪੰਜਾਬੀਆਂ ਦਾ ਤਕੜਾ ਰੌਅਬ-ਦਾਬ ਦੇਖਿਆ ਗਿਆ। ਉਮੀਦਵਾਰਾਂ ਲਈ ਫੰਡ ਰੇਜ਼ਿੰਗ ਸਮਾਗਮ ਕਰਨ ਵਿਚ ਪੰਜਾਬੀ ਸਭ ਤੋਂ ਅੱਗੇ ਸਨ। ਜਿੱਥੇ ਪੰਜਾਬੀ ਉਮੀਦਵਾਰ ਖੜ੍ਹੇ ਸਨ ਉੱਥੇ ਹੀ ਨਹੀਂ, ਸਗੋਂ ਕਈ ਗੋਰੇ ਉਮੀਦਵਾਰਾਂ ਦੇ ਹੱਕ ਵਿਚ ਵੀ ਫੰਡ ਰੇਜ਼ਿੰਗ ਦੀ ਕਮਾਨ ਪੰਜਾਬੀਆਂ ਦੇ ਹੱਥ ਸੀ। ਉਂਝ ਵੀ ਚੋਣ ਪ੍ਰਚਾਰ ਵਿਚ ਪੰਜਾਬੀ ਬੋਲੀ ਨੂੰ ਵੀ ਬੜਾ ਸਤਿਕਾਰ ਮਿਲਿਆ ਹੈ। ਪੰਜਾਬੀ ਵਸੋਂ ਵਾਲੇ ਸਾਰੇ ਹੀ ਖੇਤਰਾਂ ਵਿਚ ਉਮੀਦਵਾਰਾਂ ਨੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਜਾਣਕਾਰੀ ਮੁਹੱਈਆ ਕੀਤੀ ਹੋਈ ਸੀ। ਇੱਥੋਂ ਤੱਕ ਕਿ ਕੈਨੇਡਾ ਦੇ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਬਾਰੇ ਅਖ਼ਬਾਰਾਂ, ਰੇਡੀਓ, ਟੀ.ਵੀ. ਅਤੇ ਇੰਟਰਨੈੱਟ ਨੂੰ ਭੇਜੀ ਜਾਣਕਾਰੀ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਦਿੱਤੀ ਜਾ ਰਹੀ ਸੀ। ਇੱਥੇ ਇਹ ਦੱਸਣਾ ਵੀ ਬੜਾ ਅਹਿਮ ਹੈ ਕਿ ਕੈਨੇਡਾ ਵਿਚ ਪੰਜਾਬੀ ਭਾਸ਼ਾ ਇਸ ਵੇਲੇ ਤੀਜੀ ਸਰਕਾਰੀ ਭਾਸ਼ਾ ਬਣਨ ਦੇ ਨੇੜੇ ਪੁੱਜ ਚੁੱਕੀ ਹੈ। ਬੈਂਕਾਂ, ਡਾਕਖਾਨਿਆਂ, ਹਵਾਈ ਅੱਡਿਆਂ ਅਤੇ ਹੋਰ ਸਾਰੇ ਸਰਕਾਰੀ ਅਦਾਰਿਆਂ ਵਿਚ ਪੰਜਾਬੀ ਵਿਚ ਜਾਣਕਾਰੀ ਦੇਣ ਅਤੇ ਕੰਮ ਕਰਨ ਲਈ ਵਿਸ਼ੇਸ਼ ਪੰਜਾਬੀ ਡੈਸਕ ਲੱਗੇ ਹੋਏ ਮਿਲਦੇ ਹਨ। ਕੈਨੇਡਾ ਵਿਚ ਇਸ ਵੇਲੇ ਅੰਗਰੇਜ਼ੀ ਅਤੇ ਫਰੈਂਚ ਦੋ ਸਰਕਾਰੀ ਭਾਸ਼ਾਵਾਂ ਹਨ, ਜਦਕਿ ਤੀਜਾ ਸਥਾਨ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦਾ ਹੈ। ਇਸ ਤਰ੍ਹਾਂ ਜੇਕਰ ਪੰਜਾਬੀ ਭਾਈਚਾਰੇ ਦੇ ਚੁਣੇ ਹੋਏ ਪ੍ਰਤੀਨਿੱਧ ਹੰਭਲਾ ਮਾਰਨ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ ਮਿਲ ਸਕਦਾ ਹੈ।
ਚੋਣ ਪ੍ਰਚਾਰ ਵਿਚ ਪੰਜਾਬੀ ਲੋਕ ਪੰਜਾਬੀ ਸਟਾਈਲ ਦਾ ਚੋਣ ਪ੍ਰਚਾਰ ਕਰਦੇ ਵੀ ਵੇਖੇ ਗਏ। ਹਾਲਾਂਕਿ ਇਨ੍ਹਾਂ ਦੇਸ਼ਾਂ ਵਿਚ ਡੋਰ-ਟੂ-ਡੋਰ ਚੋਣ ਪ੍ਰਚਾਰ ਉਮੀਦਵਾਰਾਂ ਜਾਂ ਉਨ੍ਹਾਂ ਦੇ ਇਕ-ਦੋ ਹਮਾਇਤੀਆਂ ਵੱਲੋਂ ਹੀ ਕੀਤਾ ਜਾਂਦਾ ਹੈ। ਪਰ ਕਈ ਖੇਤਰਾਂ ਵਿਚ ਪੰਜਾਬੀ ਜਥੇ ਬੰਨ੍ਹ ਕੇ ਪ੍ਰਚਾਰ ਕਰਦੇ ਵੀ ਵੇਖੇ ਗਏ। ਉਂਝ ਇਹ ਰੁਝਾਨ ਵੀ ਵੇਖਿਆ ਗਿਆ, ਜਿੱਥੇ ਪੰਜਾਬੋਂ ਆਏ ਲੋਕ ਸਿਆਸਤ ਵਿਚ ਵਧੇਰੇ ਸਰਗਰਮੀ ਨਾਲ ਹਿੱਸਾ ਲੈਂਦੇ ਹਨ, ਉਥੇ ਪੰਜਾਬੀਆਂ ਦੀ ਕੈਨੇਡਾ ਵਿਖੇ ਪੈਦਾ ਹੋਈ ਨਵੀਂ ਪੀੜ੍ਹੀ ਦਾ ਸਿਆਸਤ ਵੱਲ ਰੁਖ਼ ਗੋਰੀ ਨੌਜਵਾਨ ਪੀੜ੍ਹੀ ਨਾਲੋਂ ਕੋਈ ਵੱਖਰਾ ਨਹੀਂ। ਗੋਰੀ ਨੌਜਵਾਨ ਪੀੜ੍ਹੀ ਵੀ ਸਿਆਸਤ ਵੱਲ ਘੱਟ ਹੀ ਦਿਲਚਸਪੀ ਦਿਖਾਉਂਦੀ ਹੈ। ਇਸੇ ਤਰ੍ਹਾਂ ਇਥੇ ਜੰਮੀ-ਪਲੀ ਨੌਜਵਾਨ ਪੰਜਾਬੀ ਪੀੜ੍ਹੀ ਦੀ ਦਿਲਚਸਪੀ ਵੀ ਘੱਟ ਹੀ ਦਿਖਾਈ ਦਿੱਤੀ।
ਪਹਿਲਾਂ ਪਹਿਲ ਸਿਆਸਤ ‘ਚ ਕੁੱਦੇ ਆਗੂਆਂ ਦਾ ਕਾਫੀ ਦਾਰੋਮਦਾਰ ਸਿੱਖ ਗੁਰਦੁਆਰਿਆਂ ਦੀ ਸਿਆਸਤ ਨਾਲ ਵੀ ਜੁੜਿਆ ਦਿਖਾਈ ਦਿੰਦਾ ਰਿਹਾ ਹੈ। ਪਰ ਹੁਣ ਇਹ ਰੁਝਾਨ ਬੇਹੱਦ ਘੱਟ ਗਿਆ ਹੈ। ਸਿੱਖ ਉਮੀਦਵਾਰ ਵੀ ਗੁਰਦੁਆਰਾ ਸਿਆਸਤ ਤੋਂ ਬਾਹਰ ਹੋ ਕੇ ਸਿਆਸੀ ਪਾਰਟੀਆਂ ਨਾਲ ਚੋਣ ਮੁਹਿੰਮ ਨੂੰ ਤਰਜੀਹ ਦਿੰਦੇ ਦੇਖੇ ਗਏ ਹਨ। ਇੱਥੋਂ ਸਪੱਸ਼ਟ ਹੈ ਕਿ ਕੈਨੇਡਾ ਦੀ ਸਿਆਸਤ ਵਿਚ ਸਿੱਖਾਂ ਨੇ ਆਪਣੇ ਤੌਰ ‘ਤੇ ਚੰਗੇ ਪੈਰ ਜਮ੍ਹਾਂ ਲਏ ਹਨ। ਹੁਣ ਉਹ ਨਿਰੋਲ ਸਿਆਸੀ ਆਧਾਰ ‘ਤੇ ਸਰਗਰਮੀ ਕਰਨ ਲੱਗ ਪਏ ਹਨ। ਉਂਝ ਇਨ੍ਹਾਂ ਚੋਣਾਂ ਵਿਚ ਪੰਜਾਬ ਤੋਂ ਪੜ੍ਹਾਈ ਲਈ ਧੜਾਧੜ ਕੈਨੇਡਾ ਆ ਰਹੇ ਵਿਦਿਆਰਥੀਆਂ ਦਾ ਮੁੱਦਾ ਵੀ ਕਾਫੀ ਦਿਲਚਸਪ ਰਿਹਾ। ਕਈ ਪੁਰਾਣੇ ਆ ਵਸੇ ਪੰਜਾਬੀ ਨਵੇਂ ਆ ਰਹੇ ਵਿਦਿਆਰਥੀਆਂ ਪ੍ਰਤੀ ਬੇਹੱਦ ਚਿੜ ਦਿਖਾਉਂਦੇ ਦੇਖੇ ਗਏ। ਉਹ ਅਜਿਹੇ ਵਿਦਿਆਰਥੀਆਂ ਦੇ ਆਉਣ ਨਾਲ ਅਸੁਰੱਖਿਅਤ ਮਹਿਸੂਸ ਕਰਦੇ ਨਜ਼ਰ ਆਉਂਦੇ ਹਨ। ਪਰ ਸਿੱਖ ਵੱਸੋਂ ਵੱਲੋਂ ਜਸਟਿਨ ਟਰੂਡੋ ਨੂੰ ਵੱਡੀ ਪੱਧਰ ‘ਤੇ ਦਿੱਤੀ ਹਮਾਇਤ ਇਸ ਗੱਲ ਦੀ ਸਾਹਦੀ ਭਰਦੀ ਹੈ ਕਿ ਸਿੱਖ ਭਾਈਚਾਰਾ ਟਰੂਡੋ ਦੀਆਂ ਖੁੱਲ੍ਹਦਿਲੀ ਵਾਲੀਆਂ ਇੰਮੀਗ੍ਰੇਸ਼ਨ ਨੀਤੀਆਂ ਦਾ ਕਾਇਲ ਹੈ ਅਤੇ ਚਾਹੁੰਦਾ ਹੈ ਕਿ ਹੋਰ ਵੀ ਵੱਡੀ ਗਿਣਤੀ ਵਿਚ ਪੰਜਾਬੀ ਕੈਨੇਡਾ ਵਿਚ ਆ ਕੇ ਵਸਣ। ਟਰੂਡੋ ਸਰਕਾਰ ਦੇ ਮੁੜ ਸੱਤਾ ਵਿਚ ਆਉਣ ਨਾਲ ਕੈਨੇਡਾ ਵਿਚਲੇ ਪੰਜਾਬੀਆਂ ਦੇ ਹੌਂਸਲੇ ਹੋਰ ਵਧੇ ਹਨ ਅਤੇ ਉਨ੍ਹਾਂ ਦਾ ਕੈਨੇਡਾ ਦੀ ਸਿਆਸਤ ਅਤੇ ਸਮਾਜ ਵਿਚ ਭਰੋਸਾ ਹੋਰ ਵਧੇਰੇ ਵਧੇਗਾ। ਉਥੋਂ ਦੀ ਸਿਆਸਤ ਅਤੇ ਹੋਰ ਖੇਤਰਾਂ ਵਿਚ ਸਾਡੇ ਲੋਕਾਂ ਦੀ ਸਥਾਪਤੀ ਉਨ੍ਹਾਂ ਨੂੰ ਕੈਨੇਡਾ ਆਪਣਾ-ਆਪਣਾ ਲੱਗਣ ‘ਚ ਮਦਦ ਕਰੇਗੀ। ਸਾਡੀ ਵੀ ਕਾਮਨਾ ਹੈ ਕਿ ਕੈਨੇਡਾ ਦੀ ਧਰਤੀ ਉੱਤੇ ਸਿੱਖਾਂ ਦੀ ਤਰੱਕੀ, ਖੁਸ਼ਹਾਲੀ ਤੇ ਸਲਾਮਤੀ ਇਸੇ ਤਰ੍ਹਾਂ ਅੱਗੇ ਵੱਧਦੀ ਰਹੇ।