ਕੇਜਰੀਵਾਲ ਦੀ ਮੁਆਫੀ ਨਾਲ ਆਮ ਆਦਮੀ ਪਾਰਟੀ ‘ਚ ਮਚੀ ਖਲਬਲੀ

ਜਲੰਧਰ, 15 ਮਾਰਚ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਿਕਰਮ ਮਜੀਠੀਆ ਸਾਹਮਣੇ ਝੁਕ ਗਏ। ਅਰਵਿੰਦ ਕੇਜਰੀਵਾਲ ਨੇ ਅੱਜ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਲਿਖਤੀ ਰੂਪ ‘ਚ ਮੁਆਫੀ ਮੰਗੀ ਹੈ। ਬਿਕਰਮ ਮਜੀਠੀਆ ਨੇ ਕੇਜਰੀਵਾਲ ਵਲੋਂ ਲਿਖਤੀ ਰੂਪ ‘ਚ ਮੰਗੀ ਮੁਆਫੀ ਦੀ ਚਿੱਠੀ ਦਿਖਾਉਂਦਿਆਂ ਇਸ ਗੱਲ ਦਾ ਖੁਲਾਸਾ ਕੀਤਾ।
ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਮੁਆਫੀ ਮੰਗਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ‘ਚ ਖਲਬਲੀ ਮਚ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੇਜਰੀਵਾਲ ਦੇ ਮੁਆਫੀ ਮੰਗਣ ਤੋਂ ਬਾਅਦ ਟਵੀਟ ਕਰਦਿਆਂ ਕਿਹਾ, ‘ਅਸੀਂ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਮਾਣਹਾਨੀ ਕੇਸ ‘ਚ ਮੰਗੀ ਗਈ ਲਿਖਤੀ ਮੁਆਫੀ ਤੋਂ ਕਾਫੀ ਹੈਰਾਨ ਹਾਂ। ਸਾਨੂੰ ਇਹ ਦੱਸਣ ‘ਚ ਬਿਲਕੁਲ ਝਿਜਕ ਮਹਿਸੂਸ ਨਹੀਂ ਹੋ ਰਹੀ ਕਿ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ‘ਆਪ’ ਦੀ ਪੰਜਾਬ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।’
ਇਕੱਲੇ ਸੁਖਪਾਲ ਖਹਿਰਾ ਹੀ ਨਹੀਂ, ਉਨ੍ਹਾਂ ਦੇ ਨਾਲ ਕੰਵਰ ਸੰਧੂ ਨੇ ਵੀ ਕੇਜਰੀਵਾਲ ਦੀ ਮੁਆਫੀ ‘ਤੇ ਹੈਰਾਨੀ ਜਤਾਈ ਹੈ। ਕੰਵਰ ਸੰਧੂ ਨੇ ਇਸ ਸਬੰਧੀ ਤਿੰਨ ਟਵੀਟ ਕੀਤੇ। ਉਨ੍ਹਾਂ ਕਿਹਾ, ‘ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣਾ ਲੋਕਾਂ ਦੀ ਹਾਰ ਹੈ, ਖਾਸ ਕਰ ਪੰਜਾਬ ਦੇ ਨੌਜਵਾਨਾਂ ਦੀ। ਸਾਡੇ ਕੋਲੋਂ ਇਸ ਮੁਆਫੀ ਨੂੰ ਲੈ ਕੇ ਕੋਈ ਸਲਾਹ ਨਹੀਂ ਮੰਗੀ ਗਈ ਤੇ ਪੰਜਾਬ ਲਈ ਸਾਡੀ ਜੰਗ ਅਜੇ ਵੀ ਜਾਰੀ ਹੈ।’