ਕੇਂਦਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰਨਗੇ: ਰਾਹੁਲ ਗਾਂਧੀ

59
Share

-ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਹਿੱਤ ‘ਚ ਕਾਨੂੰਨਾਂ ਦੀ ਸਮੀਖਿਆ ਕਰਕੇ ਕਾਨੂੰਨ ਵਾਪਸ ਲੈਣ ਲਈ ਕਿਹਾ
ਰਾਏਪੁਰ, 1 ਨਵੰਬਰ (ਪੰਜਾਬ ਮੇਲ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਮੁਲਕ ਦੀ ਨੀਂਹ ਨੂੰ ਕਮਜ਼ੋਰ ਕਰਨਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਹਿੱਤ ‘ਚ ਇਨ੍ਹਾਂ ਕਾਨੂੰਨਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਵਾਪਸ ਲੈਣ। ਛੱਤੀਸਗੜ੍ਹ ਸੂਬੇ ਦੇ ਸਥਾਪਨਾ ਦਿਵਸ ਦਿਵਸ ਮੌਕੇ ਆਨਲਾਈਨ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਮੁਲਕ ਨੂੰ ਕਰੋਨਾ ਮਹਾਮਾਰੀ ਕਾਰਨ ਮਾੜਾ ਸਮਾਂ ਦੇਖਣਾ ਪੈ ਰਿਹਾ ਹੈ। ਅਜਿਹੇ ਹਾਲਾਤ ‘ਚ ਕਿਸਾਨ, ਮਜ਼ਦੂਰ, ਛੋਟੇ ਕਾਰੋਬਾਰੀ, ਮਾਵਾਂ, ਭੈਣਾਂ ਅਤੇ ਨੌਜਵਾਨਾਂ ‘ਤੇ ਸਭ ਤੋਂ ਬੁਰਾ ਅਸਰ ਪਿਆ ਹੈ। ਰਾਹੁਲ ਨੇ ਕਿਹਾ, ”ਮੁਲਕ ‘ਚ ਕਿਸਾਨਾਂ ਦੀ ਹਾਲਤ ਬਾਰੇ ਹਰ ਕੋਈ ਜਾਣਦਾ ਹੈ। ਸਾਨੂੰ ਰੋਜ਼ਾਨਾ ਕਿਸਾਨ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਖ਼ੁਦਕੁਸ਼ੀਆਂ ਇੰਨੇ ਵੱਡੇ ਪੱਧਰ ‘ਤੇ ਹੋਣ ਲੱਗ ਪਈਆਂ ਹਨ ਕਿ ਮੁਲਕ ਨੇ ਇਸ ਨੂੰ ਹੋਣੀ ਮੰਨ ਲਿਆ ਹੈ ਪਰ ਸਾਨੂੰ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ ਹੈ। ਸਾਨੂੰ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੀ ਰਾਖੀ ਲਈ ਖੜ੍ਹਾ ਹੋਣਾ ਚਾਹੀਦਾ ਹੈ।” ਉਨ੍ਹਾਂ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨਾਂ ਬਾਰੇ ਵਿਚਾਰ ਕਰਨ ਲਈ ਆਖਦਿਆਂ ਕਿਹਾ ਕਿ ਜੇਕਰ ਮੰਡੀਆਂ ਦੀ ਗਿਣਤੀ ਘੱਟ ਹੈ, ਤਾਂ ਉਸ ਨੂੰ ਵਧਾਇਆ ਜਾਵੇ ਅਤੇ ਐੱਮ.ਐੱਸ.ਪੀ. ਨੂੰ ਖ਼ਤਮ ਨਾ ਕੀਤਾ ਜਾਵੇ। ਇਸ ਮੌਕੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰਾਜੀਵ ਗਾਂਧੀ ਨਿਆਏ ਯੋਜਨਾ ਤਹਿਤ ਛੱਤੀਸਗੜ੍ਹ ਦੇ 18.38 ਲੱਖ ਕਿਸਾਨਾਂ ਨੂੰ ਨਕਦ ਰਕਮ ਦੇਣ ਦੀ ਤੀਜੀ ਕਿਸ਼ਤ ਜਾਰੀ ਕੀਤੀ। ਉਨ੍ਹਾਂ ਸਵਾਮੀ ਆਤਮਾਨੰਦ ਸਰਕਾਰੀ ਇੰਗਲਿਸ਼ ਮੀਡੀਆ ਸਕੂਲ ਯੋਜਨਾ ਦੀ ਸ਼ੁਰੂਆਤ ਵੀ ਕੀਤੀ।


Share