ਕੇਂਦਰ ਵੱਲੋਂ ਜਾਰੀ ਖੇਤੀ ਆਰਡੀਨੈਂਸ ਵਿਰੁੱਧ ਕਿਸਾਨ ਸੜਕਾਂ ‘ਤੇ ਉੱਤਰਣ ਲਈ ਮਜਬੂਰ

84
Share

ਜਲੰਧਰ, 25 ਸਤੰਬਰ (ਪੰਜਾਬ ਮੇਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ ਸਨ, ਉਨ੍ਹਾਂ ਨੂੰ ਲੈ ਕੇ ਹੀ ਦੇਸ਼ ਦਾ ਅੰਨਦਾਤਾ ਕਿਸਾਨ, ਆੜ੍ਹਤੀਏ, ਮਜ਼ਦੂਰ ਸੜਕਾਂ ‘ਤੇ ਉੱਤਰਣ ਨੂੰ ਮਜਬੂਰ ਹੋ ਗਏ ਹਨ।
ਖੇਤੀ ਆਰਡੀਨੈਂਸਾਂ ਨੂੰ ਲੈ ਕੇ ਹੀ ਪੂਰੇ ਦੇਸ਼ ਅੰਦਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ‘ਤੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ‘ਚ ਸੱਤਾਧਾਰੀ ਪਾਰਟੀ ਕਾਂਗਰਸ, ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਵੱਖ-ਵੱਥ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ।
ਇਸ ਦੌਰਾਨ ਸਾਰੇ ਮੇਨ ਹਾਈਵੇਅ ਬੰਦ ਰੱਖੇ ਗਏ ਹਨ। ਇਸੇ ਤਹਿਤ ਜਲੰਧਰ ਜ਼ਿਲ੍ਹੇ ‘ਚ ਕਿਸਾਨ ਕਿਸ਼ਨਗੜ੍ਹ, ਲਾਂਬੜਾ ਅੱਡਾ, ਬਿਆਸ ਪਰਾਗਪੁਰ ਦੋਵੇਂ ਪਾਸਿਓਂ ਮੇਨ ਹਾਈਵੇਅ, ਕਰਤਾਰਪੁਰ ਪੀ.ਏ.ਪੀ. ਚੌਕ, ਰਵਿਦਾਸ ਚੌਕ ‘ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੀ.ਏ.ਪੀ. ਚੌਕ ਜਾਣ ਵਾਲਾ ਟ੍ਰੈਫਿਕ ਬੀ1ਐੱਸ਼ ਐੱਫ਼ ਚੌਕ ਤੋਂ ਡਾਇਵਰਟ ਕਰਕੇ ਲਾਡੋਵਾਲੀ ਰੋਡ ਅਤੇ ਫਿਰ ਚੁਗਿੱਟੀ ਵੱਲ ਭੇਜਿਆ ਜਾ ਰਿਹਾ ਹੈ। ਗੁਰੂ ਰਵਿਦਾਸ ਚੌਕ ਵੱਲੋਂ ਜਾਣ ਵਾਲਾ ਟ੍ਰੈਫਿਕ ਵੀ ਡਾਇਵਰਟ ਕੀਤਾ ਗਿਆ ਹੈ।
ਜਲੰਧਰ ਦੇ ਸ਼ਾਹਕੋਟ, ਮਲਸੀਆਂ, ਮਹਿਤਪੁਰ ‘ਚ ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ ‘ਚ ਟਰੈਕਟਰਾਂ ਅਤੇ ਮੋਟਰਸਾਈਕਲ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਜੇਕਰ ਕਿਸੇ ਨੇ ਜ਼ਰੂਰੀ ਕੰਮ ਤੋਂ ਬਾਹਰ ਜਾਣਾ ਹੈ ਤਾਂ ਪਿੰਡਾਂ ਵੱਲੋਂ ਹੋ ਕੇ ਜਾਣਾ ਪਵੇਗਾ। ਹਾਲਾਂਕਿ ਇਸ ਦੌਰਾਨ ਦੁੱਧ-ਰਾਸ਼ਨ, ਸਬਜ਼ੀ ‘ਤੇ ਕੋਈ ਪਾਬੰਦੀ ਨਹੀਂ ਰਹੇਗੀ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ, ਇਸ ਨੂੰ ਰੋਕਣ ਲਈ ਟ੍ਰੈਫਿਕ ਸੁਚਾਰੂ ਰੱਖਣ ਲਈ ਕਰੀਬ 3000 ਪੁਲਿਸ ਮੁਲਾਜ਼ਮ ਜ਼ਿਲ੍ਹੇ ‘ਚ ਤਾਇਨਾਤ ਕੀਤੇ ਗਏ ਹਨ।


Share