PUNJABMAILUSA.COM

ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਸਿਆਸਤ

 Breaking News

ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਸਿਆਸਤ

ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਸਿਆਸਤ
November 07
10:22 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਦੀ ਸਿਆਸਤ ਇਸ ਵੇਲੇ ਚੌਰਾਹੇ ਉਪਰ ਖੜ੍ਹੇ ਉਸ ਮਨੁੱਖ ਵਰਗੀ ਹੈ, ਜਿਸ ਸਾਹਮਣੇ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਪਿਛਲੇ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਅਤੇ ਪੰਜਾਬ ਤੋਂ ਬਾਹਰ ਬੈਠੇ ਪੰਜਾਬ ਦਰਦੀਆਂ ਨੇ ਹਮੇਸ਼ਾ ਪੰਜਾਬ ਦੇ ਭਲੇ ਵਾਲੀ ਸਿਆਸਤ ਦਾ ਹੱਥ ਉਪਰ ਕਰਨ ਲਈ ਬੜੇ ਹੰਭਲੇ ਮਾਰੇ। ਪਰ ਸਭ ਯਤਨਾਂ ਦੇ ਬਾਵਜੂਦ ਅਜਿਹੇ ਹੰਭਲਿਆਂ ਨੂੰ ਸਫਲਤਾ ਹਾਸਲ ਨਹੀਂ ਹੋਈ। 2011 ਵਿਚ ਪੰਜਾਬ ਅੰਦਰ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੀਪਲਜ਼ ਪਾਰਟੀ ਆਫ ਪੰਜਾਬ ਦਾ ਗਠਨ ਹੋਇਆ ਸੀ। ਪੰਜਾਬ ਦੇ ਲੋਕਾਂ ਨੇ ਇਸ ਨਵੀਂ ਸਮਝ ਨੂੰ ਲੈ ਕੇ ਉਭਰੀ ਪਾਰਟੀ ਨੂੰ ਤਕੜਾ ਹੁੰਗਾਰਾ ਦਿੱਤਾ ਅਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ ਖੂਬ ਹੱਲਾਸ਼ੇਰੀ ਦਿੱਤੀ। ਪਰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਇਹ ਪਾਰਟੀ ਆਪਸੀ ਫੁੱਟ ਦਾ ਸ਼ਿਕਾਰ ਹੋ ਕੇ ਖਿਲਰਨ-ਪੁਲਰਨ ਦੇ ਰਾਹ ਪੈ ਗਈ। ਫਿਰ ਉਸ ਤੋਂ ਬਾਅਦ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਤੀਜੇ ਬਦਲ ਦਾ ਸੱਦਾ ਦਿੱਤਾ। ਪਹਿਲੀ ਸੱਟੇ ਹੀ ਪੰਜਾਬ ਵਾਸੀਆਂ ਅਤੇ ਪੂਰੀ ਦੁਨੀਆਂ ਵਿਚ ਵਸੇ ਪੰਜਾਬੀਆਂ ਨੇ ਇਸ ਸੱਦੇ ਨੂੰ ਇੰਨਾ ਜ਼ਬਰਦਸਤ ਹੁੰਗਾਰਾ ਦਿੱਤਾ ਕਿ ਪਹਿਲੀ ਵਾਰ ਚੋਣ ਲੜਨ ਵਾਲੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਬਣੇ ਅਤੇ 3 ਹੋਰ ਉਮੀਦਵਾਰ ਥੋੜ੍ਹੇ ਫਰਕ ਨਾਲ ਪਿੱਛੇ ਰਹੇ। ਇਹ ਆਪਣੇ-ਆਪ ਵਿਚ ਹੀ ਇਕ ਕ੍ਰਿਸ਼ਮਾ ਸੀ ਕਿ ਇਸ ਨਵ-ਜੰਮੀ ਪਾਰਟੀ ਨੂੰ 24 ਫੀਸਦੀ ਦੇ ਕਰੀਬ ਵੋਟਾਂ ਹਾਸਲ ਹੋਈਆਂ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਵਾਂ ਕ੍ਰਿਸ਼ਮਾ ਕਰਨ ਲਈ ਪੰਜਾਬ ਵਾਸੀਆਂ ਅਤੇ ਵਿਦੇਸ਼ਾਂ ਵਿਚਲੇ ਪ੍ਰਵਾਸੀ ਪੰਜਾਬੀਆਂ ਨੇ ਲੱਕ ਬੰਨ੍ਹ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਪਰ ਇਸ ਪਾਰਟੀ ਦੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਚੋਣ ਤੋਂ ਪਹਿਲਾਂ ਹੀ ਜ਼ਾਹਿਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਪਾਰਟੀ ਅੰਦਰ ਉੱਠੇ ਵਿਵਾਦ ਹੱਲ ਨਾ ਕਰ ਸਕਣ ਕਾਰਨ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਹੀ ਕਾਫੀ ਕਮਜ਼ੋਰ ਪੈ ਗਈ। ਹੁਣ ਹਾਲਾਤ ਇਹ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਵੱਡੀ ਗਿਣਤੀ (77) ਨਾਲ ਜਿੱਤ ਕੇ ਰਾਜ ਭਾਗ ਉੱਤੇ ਕਾਬਜ਼ ਹੋਈ ਕਾਂਗਰਸ ਪਿਛਲੇ ਡੇਢ ਸਾਲ ਦੇ ਅਰਸੇ ਦੌਰਾਨ ਪੰਜਾਬ ਵਾਸੀਆਂ ਦੇ ਮਸਲੇ ਹੱਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹਿ ਰਹੀ ਹੈ। ਇਸ ਥੋੜ੍ਹੇ ਅਰਸੇ ਵਿਚ ਹੀ ਹਰ ਵਰਗ ਸਰਕਾਰ ਤੋਂ ਨਿਰਾਸ਼ ਹੀ ਹੋਇਆ ਹੈ। ਮੁਲਾਜ਼ਮ ਸੜਕਾਂ ਉਪਰ ਉਤਰੇ ਹੋਏ ਹਨ। ਕਿਸਾਨ ਦੁਖੀ ਹੋ ਕੇ ਅਜੇ ਵੀ ਖੁਦਕੁਸ਼ੀਆਂ ਕਰੀ ਜਾ ਰਹੇ ਹਨ। ਸ਼ਹਿਰੀ ਵਰਗ ਅਤੇ ਆਮ ਲੋਕ ਰਾਜ ਅੰਦਰ ਫੈਲੀ ਬਦਅਮਨੀ, ਬੇਰੁਜ਼ਗਾਰੀ, ਮਹਿੰਗਾਈ ਆਦਿ ਅਲਾਮਤਾਂ ਦੀ ਚੱਕੀ ਵਿਚ ਪਿੱਸ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦਾ ਮਜ਼ਬੂਤ ਆਗੂ ਵਾਲਾ ਬਣਿਆ ਅਕਸ ਵੀ ਲੱਗਦਾ ਹੈ ਕਿ ਕਿਧਰੇ ਅਲੋਪ ਹੋ ਗਿਆ ਹੈ। ਇਸ ਕਰਕੇ ਕਾਂਗਰਸ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਉਪਰ ਪੂਰਾ ਉਤਰਨ ਦੀ ਗੱਲ ਕਫੂਰ ਬਣ ਕੇ ਉੱਡੀ ਨਜ਼ਰ ਆ ਰਹੀ ਹੈ।
ਪਿਛਲੇ 10 ਸਾਲ ਦੇ ਰਾਜ ਭਾਗ ਦੌਰਾਨ ਪੰਜਾਬ ਦੇ ਲੋਕਾਂ ਨਾਲ ਅਨੇਕ ਜ਼ਿਆਦਤੀਆਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਆਸੀ ਹਿੱਤਾਂ ਲਈ ਵਰਤੋਂ ਅਤੇ ਸਿੱਖ ਸੰਸਥਾਵਾਂ ਦੇ ਕੀਤੇ ਘਾਣ ਦੇ ਦੋਸ਼ਾਂ ਵਿਚ ਘਿਰੀ ਅਕਾਲੀ ਲੀਡਰਸ਼ਿਪ ਇਸ ਵੇਲੇ ਵੱਡੇ ਸੰਕਟ ਵਿਚੋਂ ਗੁਜ਼ਰ ਰਹੀ ਹੈ। ਬਰਗਾੜੀ ਵਿਖੇ ਪਿਛਲੇ 5 ਮਹੀਨੇ ਤੋਂ ਚੱਲ ਰਹੇ ਇਨਸਾਫ ਮੋਰਚੇ ਕਾਰਨ ਜਿੱਥੇ ਅਕਾਲੀ ਲੀਡਰਸ਼ਿਪ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਲੋਕ ਕਾਂਗਰਸ ਦੀ ਹਕੂਮਤ ਨੂੰ ਵੀ ਕੋਸ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਕੈਪਟਨ ਸਰਕਾਰ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਅਕਾਲੀਆਂ ਵਾਂਗ ਹੀ ਪੈਰ ਪਿੱਛੇ ਖਿੱਚ ਰਹੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਅਕਾਲੀ ਲੀਡਰਸ਼ਿਪ ਅਤੇ ਸਰਕਾਰੀ ਅਧਿਕਾਰੀਆਂ ਦਾ ਰੋਲ ਸਪੱਸ਼ਟ ਰੂਪ ਵਿਚ ਸਾਹਮਣੇ ਆਉਣ ਦੇ ਬਾਵਜੂਦ ਵੀ ਸਰਕਾਰ ਹਾਲੇ ਤੱਕ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕੀ। ਡੂੰਘੇ ਧਾਰਮਿਕ ਅਤੇ ਰਾਜਸੀ ਸੰਕਟ ਕਾਰਨ ਅਕਾਲੀ ਦਲ ਅੰਦਰ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੈ ਅਤੇ ਪਾਰਟੀ ਦੇ ਖਿੰਡਣ ਦਾ ਰੁਝਾਨ ਵੀ ਸਾਹਮਣੇ ਆ ਰਿਹਾ ਹੈ। ਮਾਝਾ ਖੇਤਰ ਦੇ ਤਿੰਨ ਵੱਡੇ ਆਗੂ ਅਕਾਲੀ ਦਲ ਨਾਲ ਆਢਾ ਲਾਈ ਖੜ੍ਹੇ ਹਨ। ਪਾਰਟੀ ਦੇ ਹੇਠਲੇ ਪੱਧਰ ਦੇ ਅਕਾਲੀ ਵਰਕਰ ਹਤਾਸ਼ ਅਤੇ ਨਿਰਾਸ਼ ਨਜ਼ਰ ਆ ਰਹੇ ਹਨ। ਅਜਿਹੀ ਹਾਲਤ ਵਿਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਭਵਿੱਖ ਉਪਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ।
ਬਰਗਾੜੀ ਵਿਖੇ ਇਨਸਾਫ ਲਈ ਉੱਠੀ ਆਵਾਜ਼ ਕਾਰਨ ਕਾਂਗਰਸ ਅਤੇ ਅਕਾਲੀ ਲੀਡਰਸ਼ਿਪ ਇਸ ਵੇਲੇ ਡੂੰਘੇ ਸੰਕਟ ਵਿਚ ਹੈ। ਬਰਗਾੜੀ ਵਿਖੇ ਦੋ ਵਾਰ ਹੋਏ ਵਿਸ਼ਾਲ ਇਕੱਠਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਵੀ ਤੀਜੀ ਧਿਰ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤੀਜੀ ਧਿਰ ਵਜੋਂ ਆਪ ਤੋਂ ਅਲੱਗ ਹੋਇਆ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲਾ ਧੜਾ, ਬੈਂਸ ਭਰਾਵਾਂ ਦੀ ਅਗਵਾਈ ਵਾਲੀ ਲੋਕ ਇਨਸਾਫ ਪਾਰਟੀ, ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲਾ ਵਿਕਾਸ ਮੰਚ, ਅਕਾਲੀ ਦਲ ਤੋਂ ਬਾਗੀ ਹੋਏ ਮਾਝੇ ਦੇ ਅਕਾਲੀ ਆਗੂ, ਯੂਨਾਈਟਿਡ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਤੀਜਾ ਬਦਲ ਉਸਾਰਨ ਲਈ ਇਕ ਸਾਂਝੇ ਪਲੇਟਫਾਰਮ ਉਪਰ ਇਕੱਠੇ ਹੋਣ ਵਾਸਤੇ ਯਤਨਸ਼ੀਲ ਹਨ। ਹੁਣ ਤੱਕ ਉਕਤ ਧੜਿਆਂ ਦੇ ਆਗੂਆਂ ਦੀਆਂ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਅਤੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਇਹ ਸਾਰੇ ਧੜੇ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਲੜਨ ਲਈ ਲਗਭਗ ਸਹਿਮਤ ਹੋ ਗਏ ਹਨ। ਇਸ ਵਿਚ ਕੋਈ ਸ਼ੱਕ ਨਹੀਂ, ਜੇਕਰ ਇਹ ਸਾਰੇ ਗਰੁੱਪ ਇਕੱਠੇ ਹੋ ਕੇ ਚੋਣ ਲੜਨ, ਤਾਂ ਸੰਕਟ ਵਿਚ ਫਸੀਆਂ ਕਾਂਗਰਸ ਅਤੇ ਅਕਾਲੀ ਲੀਡਰਸ਼ਿਪਾਂ ਨੂੰ ਵੱਡੀ ਮਾਤ ਦਿੱਤੀ ਜਾ ਸਕਦੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਖਹਿਰਾ ਧੜਾ, ਬੈਂਸ ਭਰਾ ਅਤੇ ਡਾ. ਗਾਂਧੀ ਦਾ ਧੜਾ ਇਕ ਪਾਰਟੀ ਵਿਚ ਇਕੱਠੇ ਹੋਣ ਲਈ ਸਹਿਮਤੀ ਵੱਲ ਵਧ ਰਿਹਾ ਹੈ ਅਤੇ ਇਕ ਪਾਰਟੀ ਬਣਾਉਣ ਤੋਂ ਬਾਅਦ ਇਨ੍ਹਾਂ ਵੱਲੋਂ ਬਾਕੀ ਸਾਰੇ ਗਰੁੱਪਾਂ ਨਾਲ ਲੋਕ ਸਭਾ ਚੋਣਾਂ ਵਿਚ ਸੀਟ ਅਡਜਸਟਮੈਂਟ ਲਈ ਯਤਨ ਕੀਤਾ ਜਾ ਰਿਹਾ ਹੈ। ਇਸ ਨਵੇਂ ਉਭਰ ਰਹੇ ਮੁਹਾਜ ਨੂੰ ਪ੍ਰਵਾਸੀ ਪੰਜਾਬੀਆਂ ਵੱਲੋਂ ਵੀ ਬੜੀ ਨੀਝ ਨਾਲ ਦੇਖਿਆ ਜਾ ਰਿਹਾ ਹੈ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਇਸ ਨਵੇਂ ਰੁਝਾਨ ਦੀ ਰਵਾਇਤ ਵਿਚ ਵੀ ਜੁਟੇ ਨਜ਼ਰ ਆਉਂਦੇ ਹਨ। ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਲੋਕ ਰਾਜ ਅੰਦਰ ਚੰਗੀ ਰਾਜਨੀਤੀ ਅਤੇ ਚੰਗੇ ਪ੍ਰਬੰਧ ਲਈ ਇਕ ਨਵਾਂ ਮੁਹਾਜ਼ ਬਣਾਉਣ ਲਈ ਮੁੜ ਫਿਰ ਯਤਨਸ਼ੀਲ ਹੋਏ ਹਨ। ਪਰ ਪ੍ਰਵਾਸੀ ਪੰਜਾਬੀਆਂ ਨੂੰ ਇਸ ਵਾਰ ਪੂਰੀ ਤਰ੍ਹਾਂ ਸੁਚੇਤ ਹੋ ਕੇ ਚੱਲਣਾ ਚਾਹੀਦਾ ਹੈ। ਕਿਉਂਕਿ ਅਸੀਂ ਭਾਵੁਕ ਵੱਸ ਉਲਾਰ ਹੋ ਜਾਂਦੇ ਹਾਂ ਅਤੇ ਚੰਗੇ ਮਾੜੇ ਦੋਵਾਂ ਪੱਖਾਂ ਨੂੰ ਦੇਖਣ ਦੀ ਬਜਾਏ ਇਕ ਪਾਸੜ ਹੋ ਕੇ ਮਦਦ ਕਰਨ ਲੱਗ ਪੈਂਦੇ ਹਾਂ। ਪ੍ਰਵਾਸੀ ਪੰਜਾਬੀ ਹਮੇਸ਼ਾ ਪੰਜਾਬ ਅੰਦਰ ਚੰਗੇ ਰਾਜ ਪ੍ਰਬੰਧ ਅਤੇ ਵਿਕਾਸ ਦੀ ਸੋਚ ਰੱਖਦੇ ਆ ਰਹੇ ਹਨ ਅਤੇ ਯਤਨਸ਼ੀਲ ਵੀ ਰਹਿੰਦੇ ਹਨ ਕਿ ਉਸ ਪਾਸਿਓਂ ਠੰਡੀ ਹਵਾ ਦੇ ਬੁੱਲੇ ਆਉਣ।
ਅਸੀਂ ਇਹ ਨਹੀਂ ਕਹਿੰਦੇ ਕਿ ਨਵੇਂ ਹੰਭਲੇ ਦਾ ਸਵਾਗਤ ਨਾ ਕੀਤਾ ਜਾਵੇ ਜਾਂ ਉਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਾ ਮਾਰਿਆ ਜਾਵੇ। ਸਗੋਂ ਸਾਡਾ ਕਹਿਣਾ ਹੈ ਕਿ ਇਸ ਉਭਰ ਰਹੇ ਨਵੇਂ ਮੁਹਾਜ ਵਿਚ ਵੀ ਵੱਖ-ਵੱਖ ਰਾਜਸੀ ਵਿਚਾਰਾਂ ਵਾਲੇ ਲੋਕ ਹੀ ਕੰਮ ਕਰਦੇ ਹਨ ਅਤੇ ਉਨ੍ਹਾਂ ਵਿਚੋਂ ਹਰ ਇਕ ਦਾ ਯਤਨ ਵੀ ਇਹੀ ਹੋਵੇਗਾ ਕਿ ਆਪੋ-ਆਪਣੇ ਰਾਜਸੀ ਵਿਚਾਰਾਂ ਨੂੰ ਅੱਗੇ ਵਧਾਇਆ ਜਾਵੇ। ਪਰ ਇਸ ਰਾਜਸੀ ਘਮਸਾਨ ਵਿਚ ਕਈ ਵਾਰ ਲੋਕਾਂ ਦੀਆਂ ਭਾਵਨਾਵਾਂ ਦਾ ਘਾਣ ਹੋ ਜਾਂਦਾ ਹੈ। ਪਿਛਲੇ ਸਮੇਂ ਵਿਚ ਅਸੀਂ ਇਹੀ ਦੇਖਦੇ ਆ ਰਹੇ ਹਾਂ ਕਿ ਪ੍ਰਵਾਸੀ ਪੰਜਾਬੀਆਂ ਨੇ ਹਮੇਸ਼ਾਂ ਤਨੋਂ-ਮਨੋਂ ਪੂਰੇ ਜੀ-ਜਾਨ ਨਾਲ ਨਵੀਆਂ ਉੱਠਣ ਵਾਲੀਆਂ ਪਾਰਟੀਆਂ ਦਾ ਸਾਥ ਦਿੱਤਾ। ਪਰ ਇਨ੍ਹਾਂ ਪਾਰਟੀਆਂ ਦੀ ਲੀਡਰਸ਼ਿਪ ਆਪਣੇ ਰਾਜਸੀ ਮੁਫਾਦਾਂ ਵਿਚ ਹੀ ਉਲਝ ਕੇ ਰਹਿ ਜਾਂਦੀ ਰਹੀ ਹੈ ਅਤੇ ਪੰਜਾਬ ਵਾਸੀਆਂ ਸਮੇਤ ਪ੍ਰਵਾਸੀ ਪੰਜਾਬੀਆਂ ਨੂੰ ਨਿਰਾਸ਼ਾ ਦਾ ਹੀ ਮੂੰਹ ਦੇਖਣਾ ਪੈਂਦਾ ਰਿਹਾ ਹੈ। ਹੁਣ ਇਕ ਵਾਰ ਫਿਰ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਵਾਂ ਮੁਹਾਜ਼ ਬਣਨ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਪੰਜਾਬ ਅੰਦਰ ਜੇ ਉਕਤ ਸਾਰੇ ਧੜੇ ਇਕੱਠੇ ਹੋ ਕੇ ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਤੁਰ ਪੈਂਦੇ ਹਨ, ਤਾਂ 6-7 ਮਹੀਨੇ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਪਰ ਅਜਿਹਾ ਹੋਵੇਗਾ ਤਾਂ ਹੀ, ਜੇਕਰ ਪ੍ਰਵਾਸੀ ਪੰਜਾਬੀ ਅਤੇ ਪੰਜਾਬ ਵਾਸੀ ਅੰਨ੍ਹੇਵਾਹ ਹਮਾਇਤ ਦੀ ਬਜਾਏ ਚੌਕਸੀ ਤੋਂ ਕੰਮ ਲੈਣ, ਭਾਵ ਨਵੀਂ ਉਭਰ ਰਹੀ ਲੀਡਰਸ਼ਿਪ ਉਪਰ ਸਖ਼ਤ ਨਿਗ੍ਹਾ ਰੱਖਣ। ਉਨ੍ਹਾਂ ਦੀ ਹਰ ਗੱਲ ਨੂੰ ਨੀਝ ਨਾਲ ਵਾਚ ਕੇ ਉਸ ਬਾਰੇ ਆਪੋ-ਆਪਣੇ ਪ੍ਰਤੀਕਰਮ ਜ਼ਾਹਿਰ ਕਰਨ। ਲੋਕਾਂ ਦੁਆਰਾ ਦਿਖਾਈ ਜਾਣ ਵਾਲੀ ਅਜਿਹੀ ਚੌਕਸੀ ਨਵੇਂ ਮੁਹਾਜ ਨੂੰ ਠੀਕ ਰਾਹ ਤੁਰਨ ਵਿਚ ਮਦਦਗਾਰ ਬਣ ਸਕਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ 5 ਭਾਰਤੀ ਗਿਰਫਤਾਰ

ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ 5 ਭਾਰਤੀ ਗਿਰਫਤਾਰ

Read Full Article
    ਅਮਰੀਕੀ ਹਿਤਾਂ ਦੀ ਰੱਖਿਆ ਲਈ ਸਾਊਦੀ ਅਰਬ ਵਿਚ 3 ਹਜ਼ਾਰ ਸੈਨਿਕ ਤੈਨਾਤ ਕਰੇਗਾ ਅਮਰੀਕਾ

ਅਮਰੀਕੀ ਹਿਤਾਂ ਦੀ ਰੱਖਿਆ ਲਈ ਸਾਊਦੀ ਅਰਬ ਵਿਚ 3 ਹਜ਼ਾਰ ਸੈਨਿਕ ਤੈਨਾਤ ਕਰੇਗਾ ਅਮਰੀਕਾ

Read Full Article
    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

Read Full Article
    ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

Read Full Article
    ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Read Full Article
    ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

Read Full Article
    ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

Read Full Article
    ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

Read Full Article
    ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

Read Full Article
    ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

Read Full Article
    ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

Read Full Article
    ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

Read Full Article
    ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

Read Full Article
    ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

Read Full Article
    ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

Read Full Article