ਕਿਸਾਨ ਸੰਘਰਸ਼ : ਪੰਜਾਬ ਵਿਚ ਭਾਜਪਾ ਆਗੂ ਦੇਣ ਲੱਗੇ ਤਿਆਗ ਪੱਤਰ

92
Share

ਬੁਢਲਾਡਾ, 22 ਦਸੰਬਰ (ਪੰਜਾਬ ਮੇਲ)- ਦਿੱਲੀ ਵਿਖੇ ਕਿਸਾਨਾਂ ਦੇ ਚਲ ਰਹੇ ਸੰਘਰਸ਼ ਦਾ ਅਸਰ ਪੰਜਾਬ ਵਿਚ ਪੂਰੀ ਤਰ੍ਹਾਂ ਹੋ ਰਿਹਾ ਹੈ। ਪੰਜਾਬ ਵਿਚ ਕਿਸਾਨਾਂ ਨੇ ਥਾਂ ਥਾਂ ਭਾਜਪਾ ਆਗੂਆਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਘੇਰਨਾ ਸ਼ੁ਼ਰੂ ਕੀਤਾ ਹੀ ਹੋਇਆ ਹੈ। ਇਸ ਤੋ ਦੁਖੀ ਹੋ ਕਿ ਭਾਜਪਾਈ ਆਗੂਆਂ ਨੂੰ ਆਪਣੇ ਅਹੁਦਿਆਂ ਤੋ ਅਸਤੀਫ਼ੇ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਅੱਜ ਬੁਡਲਾਡਾ ਦੇ ਅਤੇ ਲੁਧਿਆਣਾ ਦੇ ਭਾਜਪਾ ਆਗੂਆਂ ਨੇ ਆਪਣੀ ਹਾਈ ਕਮਾਂਡ ਨੂੰ ਅਸਤੀਫ਼ੇ ਸੌਂਪ ਦਿਤੇ ਹਨ। ਜਾਣਕਾਰੀ ਮੁਤਾਬਕ ਭਾਰਤੀਯ ਜਨਤਾ ਯੁਵਾ ਮੋਰਚਾ ਮੰਡਲ ਬੁਢਲਾਡਾ ਦੇ ਸਾਬਕਾ ਪ੍ਰਧਾਨ ਲਲਿਤ ਕੁਮਾਰ ਲੱਕੀ ਵਲੋਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਹੈ। ਅੱਜ ਇਥੇ ਇਹ ਐਲਾਨ ਕਰਦਿਆ ਉਨ੍ਹਾਂ ਕਿਹਾ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਅਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਬੈਠੇ ਕਿਸਾਨਾਂ ਦੀ ਸਰਕਾਰ ਵਲੋਂ ਕੋਈ ਗੱਲ ਨਾ ਸੁਣਨ ਕਾਰਨ ਰੋਸ ਵਜੋਂ ਉਨ੍ਹਾਂ ਨੇ ਇਹ ਅਸਤੀਫ਼ਾ ਦਿਤਾ ਹੈ।

ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਭਾਰਤੀ ਜਨਤਾ ਯੁਵਾ ਮੋਰਚਾ ਲੁਧਿਆਣਾ ਦੇ ਸਾਬਕਾ ਪ੍ਰਧਾਨ, ਸਾਬਕਾ ਮੰਡਲ ਪ੍ਰਧਾਨ ਅਤੇ ਵਰਤਮਾਨ ’ਚ ਪੰਜਾਬ ਭਾਜਪਾ ਦੇ ਲੀਗਲ ਐਂਡ ਲੈਜਿਸਲੇਟਿਵ ਸੈੱਲ ਦੇ ਪ੍ਰਦੇਸ਼ ਸੰਯੋਜਕ ਐਡਵੋਕੇਟ ਸੰਦੀਪ ਕਪੂਰ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਸੰਦੀਪ ਕਪੂਰ ਨੇ ਕਿਹਾ ਕਿ ਪਿਛਲੇ 26 ਦਿਨਾਂ ਤੋਂ ਕਿਸਾਨ ਦਿੱਲੀ ਬਾਰਡਰ ’ਤੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਸ਼ਾਂਤਮਈ ਅੰਦੋਲਨ ਚਲਾ ਰਹੇ ਹਨ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਅੰਤਰ ਆਤਮਾ ਕਿਸਾਨਾਂ ਦੀ ਦੁਰਦਸ਼ਾ ਨੂੰ ਦੇਖ ਕੇ ਖ਼ੁਸ਼ ਨਹੀਂ ਹੈ। ਇਸ ਲਈ ਮੈਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।


Share