‘‘ਕਿਸਾਨ ਸੰਘਰਸ਼ ਦਾ ਪੰਜਾਬੀ ਸੱਭਿਆਚਾਰ ’ਤੇ ਪ੍ਰਭਾਵ’’ ਵਿਸ਼ੇ ’ਤੇ ਕਾਲਮਨਵੀਸ ਮੰਚ ਨੇ ਵੈਬੀਨਾਰ ਕਰਵਾਇਆ

73
Share

-ਜਿੰਨੀ ਛੇਤੀ ਰਾਜ ਬਦਲਦਾ ਹੈ, ਸਮਾਜ ਉਨੀ ਤੇਜ਼ੀ ਨਾਲ ਨਹੀਂ ਬਦਲਦਾ : ਡਾ. ਰਜਿੰਦਰਪਾਲ ਸਿੰਘ ਬਰਾੜ
-ਕਿਸਾਨ ਅੰਦੋਲਨ ਨੇ ਪੰਜਾਬੀ ਸੱਭਿਆਚਾਰ ਦੀ ਦਿੱਖ ਬਦਲੀ ਹੈ, ਕੁਝ ਮਿੱਥਾਂ ਨੂੰ ਤੋੜਿਆ ਹੈ : ਮੰਚ
ਫਗਵਾੜਾ, 30 ਦਸੰਬਰ (ਪੰਜਾਬ ਮੇਲ)- ‘‘ਜਿੰਨੀ ਛੇਤੀ ਰਾਜ ਬਦਲਦਾ ਹੈ, ਸਮਾਜ ਉਨੀ ਤੇਜ਼ੀ ਨਾਲ ਨਹੀਂ ਬਦਲਦਾ’’ ਇਹ ਵਿਚਾਰ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਗੁਰਮੀਤ ਸਿੰਘ ਪਲਾਹੀ (ਮੰਚ ਪ੍ਰਧਾਨ) ਦੀ ਅਗਵਾਈ ਵਿਚ ‘‘ਕਿਸਾਨ ਸੰਘਰਸ਼ ਦਾ ਪੰਜਾਬੀ ਸੱਭਿਆਚਾਰ ’ਤੇ ਪ੍ਰਭਾਵ’’ ਵਿਸ਼ੇ ’ਤੇ ਕਰਵਾਏ ਵੈਬੀਨਾਰ ਵਿਚ ਬੋਲਦਿਆਂ ਮੁੱਖ ਬੁਲਾਰੇ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਕਹੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕ ਵਿਚ ਤਬਦੀਲੀ ਦੀ ਰਫ਼ਤਾਰ ਵੀ ਸੱਭਿਆਚਾਰਕ ਤਬਦੀਲੀ ਦੀ ਰਫ਼ਤਾਰ ਨਾਲੋਂ ਤੇਜ਼ ਹੁੰਦੀ ਹੈ। ਇਸ ਕਰਕੇ ਸੱਭਿਆਚਾਰਕ ਅਤੇ ਤਕਨੀਕ ਵਿਚ ਵਖਰੇਵਾਂ ਰਹਿ ਜਾਂਦਾ ਹੈ। ਸੱਭਿਆਚਾਰਕ ਤਬਦੀਲੀ ਵਿਚ ਤਿੰਨ ਮਹੱਤਵਪੂਰਨ ਤੱਤ ਸਾਹਮਣੇ ਆਉਂਦੇ ਹਨ। ਪਹਿਲਾ ਪਦਾਰਥਕ, ਦੂਸਰਾ ਤਕਨੀਕੀ ਪੱਖ ਅਤੇ ਤੀਸਰਾ ਵਿਚਾਰਧਾਰਾ ਪੱਖ। ਇਸ ਤਬਦੀਲੀ ਵਿਚ ਹਰ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਬਦਲਦੀਆਂ ਹਨ। ਇਹ ਇਤਿਹਾਸਕ ਤੌਰ ’ਤੇ ਵੇਖਿਆ ਗਿਆ ਹੈ ਕਿ ਸਾਡੇ ਸੱਭਿਆਚਾਰ ਵਿਚ ਜਿੰਨੀਆਂ ਤਬਦੀਲੀਆਂ ਪਿਛਲੇ ਇੱਕ ਹਜ਼ਾਰ ਸਾਲ ਵਿਚ ਆਈਆਂ, ਉਨੀਆਂ ਤਬਦੀਲੀਆਂ ਉਸ ਤੋਂ ਪਹਿਲਾਂ ਪੰਜ ਹਜ਼ਾਰ ਸਾਲ ਵਿਚ ਵੀ ਨਹੀਂ ਆਈਆਂ। ਇਹ ਵੀ ਵੇਖਿਆ ਗਿਆ ਕਿ ਸਾਡੇ ਸੱਭਿਆਚਾਰ ਵਿਚ ਕਰੋਨਾ ਨੇ ਵੀ ਮਹੱਤਵਪੂਰਨ ਬਦਲਾਅ ਲਿਆਂਦੇ ਹਨ। ਆਲਮੀ ਪੱਧਰ ’ਤੇ ਵੱਡੀਆਂ ਘਟਨਾਵਾਂ ਭਾਵੇਂ ਉਹ ਨਾਕਾਰਤਮਕ ਸਨ, ਭਾਵੇਂ ਸਕਾਰਾਤਮਕ, ਨੇ ਵੱਡੀਆਂ ਤਬਦੀਲੀਆਂ ਲਿਆਂਦੀਆਂ। ਪੰਜਾਬ ਵਿਚ ਵੀ ਤਕਨੀਕੀ ਤੌਰ ’ਤੇ ਹਰੀ ਕ੍ਰਾਂਤੀ ਅਤੇ ਹੋਰ ਰਾਜਸੀ ਲਹਿਰਾਂ ਨੇ ਗੋਲਣਯੋਗ ਤਬਦੀਲੀਆਂ ਲਿਆਂਦੀਆਂ ਹਨ। ਕਿਸਾਨ ਅੰਦੋਲਨ ਨੇ ਵੀ ਪੰਜਾਬੀ ਸੱਭਿਆਚਾਰ ਦੀ ਦਿੱਖ ਬਦਲੀ ਹੈ, ਕੁਝ ਮਿੱਥਾਂ ਨੂੰ ਤੋੜਿਆ ਹੈ, ਜਿਵੇਂ ਨੌਜਵਾਨਾਂ ਦਾ ਨਸ਼ੇੜੀ ਹੋਣਾ, ਪੰਜਾਬੀਆਂ ਦਾ ਨਿਕੰਮਾ ਅਤੇ ਵਿਹਲੜ ਹੋਣਾ, ਨੌਜਵਾਨ ਪੀੜ੍ਹੀ ਵਲੋਂ ਆਪਣੇ ਸਮਾਜਿਕ ਸਰੋਕਾਰਾਂ ਤੋਂ ਸੱਖਣੇ ਹੋਣਾ, ਬਜ਼ੁਰਗਾਂ ਦਾ ਆਦਰ ਮਾਣ ਨਾ ਹੋਣਾ, ਪੰਜਾਬੀ ਸੱਭਿਆਚਾਰ ਵਿਚ ਕਲਾ ਮਰ ਗਈ ਅਤੇ ਗੀਤ ਤੇ ਸਾਹਿਤ ਅਸ਼ਲੀਲਤਾ ਵੱਲ ਰੁੜ੍ਹ ਗਏ ਹਨ, ਕਿਸਾਨ ਪੜ੍ਹੇ-ਲਿਖੇ ਅਤੇ ਬੌਧਿਕ ਨਹੀਂ ਹਨ। ਇਸ ਅੰਦੋਲਨ ਨੇ ਇਹ ਸਾਰੀਆਂ ਮਿੱਥਾਂ ਤੋੜ ਕੇ ਪੁਰਾਣੇ ਪੰਜਾਬ ਦੀ ਸਾਂਝੀਵਾਲਤਾ ਦੇ ਫੰਡੇ ਨੂੰ ਮੁੜ ਸੁਰਜੀਤ ਕੀਤਾ ਹੈ। ਕਿਸਾਨਾਂ ਨੇ ਤੀਖਣ ਬੁੱਧੀ ਨਾਲ ਸਰਕਾਰ ਦੇ ਕਾਨੂੰਨਾਂ ਨੂੰ ਸਮਝ ਕੇ ਇਸ ਦਾ ਜੁਆਬ ਸ਼ਾਂਤਮਈ ਢੰਗ ਨਾਲ ਦਿੱਤਾ ਹੈ। ਭਾਈ ਘਨੱਈਆ ਜੀ ਦੀ ਰਿਵਾਇਤ ਨੂੰ ਦੁਸ਼ਮਣਾਂ ਨੂੰ ਲੰਗਰ ਛਕਾਕੇ ਕਾਇਮ ਰੱਖਿਆ ਹੈ। ਸਾਹਿਤਕ ਰਚਨਾਵਾਂ ਵਿਚ ਵੀ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਇਸ ਲੋਕ ਲਹਿਰ ਨਾਲ ਸਾਹਿਤ ਨੂੰ ਨਵੇਂ ਦਿਸਹੱਦੇ ਪ੍ਰਾਪਤ ਹੋਏ ਹਨ। ਸਾਹਿਤ ਨੇ ਸੱਭਿਆਚਾਰ ਵਿਚ ਆਏ ਨਿਘਾਰ ਨੂੰ ਭੁੱਲ ਕੇ ਇਸ ਚੰਗੇ ਪੱਖ ਉਜਾਗਰ ਕੀਤੇ ਹਨ। ਇਸ ਅੰਦੋਲਨ ਦੀ ਬਦੌਲਤ ਹੋਸ਼ ਤੇ ਜੋਸ਼ ਦਾ ਮੇਲ ਹੋਇਆ ਹੈ, ਔਰਤਾਂ ਦੀ ਭਾਗੀਦਾਰੀ ਵਧੀ ਹੈ, ਜੈਂਡਰ ਸੋਚ ਵਿਚ ਤਬਦੀਲੀ ਆਈ ਹੈ। ਔਰਤਾਂ ਘਰ ਵਿਚ ਖੇਤੀ ਦਾ ਕੰਮ ਕਰ ਰਹੀਆਂ ਹਨ ਤੇ ਮਰਦ ਮੋਰਚੇ ਵਿਚ ਔਰਤਾਂ ਵਾਲੇ ਸਾਰੇ ਕੰਮ ਕਰ ਰਹੇ ਹਨ – ਰੋਟੀ ਪਕਾਉਣੀ, ਸਫਾਈ ਕਰਨੀ ਅਤੇ ਮੋਰਚੇ ਦਾ ਰੱਖ ਰਖਾਅ ਕਰ ਰਹੇ ਹਨ। ਔਰਤਾਂ ਟੋਲ ਪਲਾਜ਼ੇ ਬੰਦ ਕਰਵਾ ਰਹੀਆਂ ਹਨ, ਭਾਸ਼ਨ ਕਰ ਰਹੀਆਂ ਹਨ, ਘਰ ਖੇਤ ਤੇ ਬੱਚੇ ਸੰਭਾਲ ਰਹੀਆਂ ਹਨ। ਕਿਸਾਨ ਮੋਰਚੇ ਦੇ ਲੀਡਰ ਹਰ ਤਰ੍ਹਾਂ ਦੀ ਭਾਸ਼ਾ ਵਿਚ ਮੀਡੀਆ ਤੇ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਇਥੇ ਕਿਸੇ ਖਿੱਤੇ ਦਾ ਫਰਕ ਨਹੀਂ ਪਿਆ – ਮਾਝੇ, ਦੁਆਬੇ, ਪੁਆਂਦ, ਮਾਲਵਾ-ਹਰਿਆਣਾ ਅਤੇ ਹੋਰ ਪ੍ਰਾਤਾਂ ਕਿਸਾਨ ਮਜ਼ਦੂਰ ਇਕੱਠੇ ਮੋਰਚਾ ਸੰਭਾਲੀ ਬੈਠੇ ਹਨ। ਇਥੇ ਲੰਗਰ ਦੇ ਵੀ ਵੱਖਰੇ-ਵੱਖਰੇ ਰੂਪ ਜਿਵੇਂ ਕਿਤਾਬਾਂ ਦਾ ਲੰਗਰ, ਜਿਮ, ਖਾਣੇ ਦਾ ਲੰਗਰ ਅਤੇ ਹੋਰ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੇ ਲੰਗਰ ਲੱਗੇ ਹੋਏ ਹਨ। ਪ੍ਰਵਾਸੀ ਪੰਜਾਬੀਆਂ ਨੇ ਇਸ ਵਿਚ ਆਪਣਾ ਯੋਗਦਾਨ ਪਾਕੇ ਗਦਰ ਲਹਿਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਯੂਰਪ ਦੇ ਸਾਰੇ ਦੇਸ਼ਾਂ ਦੇ ਪੰਜਾਬੀ ਜੁੜ ਗਏ ਹਨ। ਇਸ ਅੰਦੋਲਨ ਤੋਂ ਸਾਰੇ ਰਾਜਸੀ ਲਾਣੇ ਬਾਹਰ ਰੱਖੇ ਗਏ ਹਨ- ਅਫਸਰਸ਼ਾਹੀ ਨੂੰ ਦਲੀਲ ਨਾਲ ਜੁਆਬ ਦਿੱਤੇ ਜਾ ਰਹੇ ਹਨ। ਇਹ ਸਥਾਨਕ ਅਤੇ ਗਲੋਬਲਾਈਜੇਸ਼ਨ ਦਾ ਮੇਲ ਹੋਇਆ ਹੈ, ਕਿਰਤੀ ਤੇ ਕਿਸਾਨ ਦਾ ਮੇਲ ਹੋਇਆ ਹੈ। ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਪੁਨਰਜਨਮ ਹੋਇਆ ਹੈ। ਵੈਬੀਨਾਰ ਦੀ ਕਾਰਵਾਈ ਪ੍ਰੈੱਸ ਨੂੰ ਰਿਲੀਜ਼ ਕਰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਵਿਚ ਡਾ. ਸ਼ਿਆਸ ਸੁੰਦਰ ਦੀਪਤੀ ਨੇ ਇਹ ਖਦਸ਼ਾ ਪ੍ਰਗਟਾਇਆ ਕਿ ਇਹ ਤਬਦੀਲੀਆਂ ਸਦੀਵੀ ਰਹਿ ਸਕਣਗੀਆਂ? ਇਸੇ ਤਰ੍ਹਾਂ ਪ੍ਰੋ. ਰਣਜੀਤ ਧੀਰ, ਗੁਰਚਰਨ ਨੂਰਪੁਰ ਨੇ ਕਿਹਾ ਕਿ ਕਿਸਾਨ ਪੰਜਾਬ ਤਿੰਨ ਮੁਹਾਜ਼ਾਂ ’ਤੇ ਲੜ ਰਿਹਾ ਹੈ- ਸਰਕਾਰ, ਗੋਦੀ ਮੀਡੀਆ ਅਤੇ ਕਾਰਪੋਰੇਟ ਸੈਕਟਰ। ਉਨ੍ਹਾਂ ਨੌਜਵਾਨਾਂ ਨੂੰ ਧੀਰਜ ਰੱਖਣ ਲਈ ਪ੍ਰੇਰਿਤ ਕੀਤਾ। ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਕੇਹਰ ਸ਼ਰੀਫ ਅਤੇ ਸੁਰਿੰਦਰ ਮਚਾਕੀ ਨੇ ਕਿਹਾ ਕਿ ਪਰਜਾਤੰਤਰਿਕ ਢਾਂਚੇ ਨੂੰ ਢਾਅ ਲੱਗਦੀ ਜਾ ਰਹੀ ਹੈ, ਪਾਰਲਮੈਂਟਰੀ ਢਾਂਚਾ ਵੀ ਖੇਰੂੰ-ਖੇਰੂੰ ਹੋਣ ਦਾ ਖਦਸ਼ਾ ਹੈ। ਇਸ ਨਾਲ ਰਾਜਸੀ ਪੱਧਰ ’ਤੇ ਜ਼ਰੂਰ ਤਬਦੀਲੀਆਂ ਆਉਣਗੀਆਂ। ਜਗਦੀਪ ਸਿੰਘ ਕਾਹਲੋਂ, ਜੀ.ਐੱਸ. ਗੁਰਦਿੱਤ, ਰਵਿੰਦਰ ਸਹਿਰਾਅ, ਦੀਦਾਰ ਸ਼ੇਤਰਾ ਅਤੇ ਚਰਨਜੀਤ ਗੁੰਮਟਾਲਾ ਨੇ ਸਰਕਾਰ ਅਤੇ ਕਿਸਾਨ ਲੀਡਰਾਂ ਵਿਚਲੇ ਡੈਡਲਾਕ ’ਤੇ ਫਿਕਰ ਪ੍ਰਗਟ ਕੀਤਾ। ਅੰਤ ਵਿਚ ਮੁੱਖ ਵਕਤਾ ਵਲੋਂ ਉਠੇ ਖ਼ਦਸ਼ਿਆਂ ਨੂੰ ਨਿਵਰਤ ਕੀਤਾ ਗਿਆ। ਗਿਆਨ ਸਿੰਘ ਡੀ.ਪੀ.ਆਰ.ਓ. ਨੇ ਸਾਰੇ ਵਕਤਾਵਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿਚ ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਰਣਜੀਤ ਧੀਰ ਯੂ.ਕੇ., ਅਮਰਜੀਤ ਕੌਰ, ਰਵਿੰਦਰ ਸਹਿਰਾਅ, ਪਵਨ ਸਰਵਰ, ਸੀਤਲ ਰਾਮ ਬੰਗਾ, ਸੁਰਿੰਦਰ ਮਚਾਕੀ, ਕੇ.ਜਵੰਦਾ, ਕੁਲਵੰਤ ਸਿੰਘ, ਕੇਹਰ ਸ਼ਰੀਫ਼, ਕੁਲਵਿੰਦਰ ਢਿੱਲੋਂ, ਮਨਦੀਪ ਸਿੰਘ, ਪਰਵਿੰਦਰਜੀਤ ਸਿੰਘ, ਗੁਰਮੀਤ ਸਿੰਘ ਪਲਾਹੀ, ਨਰਿੰਦਰਜੀਤ ਸੋਢੀ, ਡਾ. ਐੱਸ.ਐੱਸ. ਦੀਪਤੀ, ਮੁਕੇਸ਼ ਕੁਮਾਰ, ਬੰਸੋ ਦੇਵੀ, ਦਰਸ਼ਨ ਸਿੰਘ ਰਿਆੜ, ਦੀਦਾਰ ਸ਼ੇਤਰਾ, ਗਿਆਨ ਸਿੰਘ ਮੋਗਾ, ਗੁਰਚਰਨ ਨੂਰਪੁਰ, ਗੁਰਦੀਪ ਬੰਗੜ, ਗੁਰਲਾਲ ਮਾਨ, ਰਵਿੰਦਰ ਚੋਟ, ਡਾ. ਚਰਨਜੀਤ ਸਿੰਘ ਗੁੰਮਟਾਲਾ, ਜਗਦੀਪ ਸਿੰਘ ਕਾਹਲੋਂ, ਜੀ.ਐੱਸ. ਗੁਰਦਿੱਤ, ਨਿਰਮਲ ਸਿੰਘ ਖੁਬੇਰ, ਐਡਵੋਕੇਟ ਐੱਸ.ਐੱਲ. ਵਿਰਦੀ ਆਦਿ ਹਾਜ਼ਰ ਸਨ।

Share