ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਲਈ ਲਾਂਘਾ ਦੇਣ ਤੋਂ ਇਨਕਾਰ

244
Share

-ਮਾਲ ਗੱਡੀਆਂ ਲਈ ਲਾਂਘਾ ਜਾਰੀ ਰਹੇਗਾ
ਜੰਡਿਆਲਾ ਗੁਰੂ, 22 ਨਵੰਬਰ (ਪੰਜਾਬ ਮੇਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਰੋਕ ਅੰਦੋਲਨ ਦੇ 60ਵੇਂ ਦਿਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਜਾਰੀ ਹੈ। ਇਥੇ ਧਰਨਾਕਾਰੀਆਂ ਨੇ ਕਿਹਾ ਕਿ ਮਾਲ ਗੱਡੀਆਂ ਲਈ ਲਾਂਘਾ 22 ਅਕਤੂਬਰ ਤੋਂ ਹੀ ਖੁੱਲ੍ਹਾ ਹੈ ਅਤੇ ਧਰਨਾ ਸਟੇਸ਼ਨਾਂ ਦੇ ਬਾਹਰ ਜਾਰੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯਾਤਰੂ ਰੇਲਾਂ ਆਵਾਜਾਈ ਬਹਾਲ ਨਹੀਂ ਕਰੇਗੀ, ਸਿਰਫ ਮਾਲ ਗੱਡੀਆਂ ਲਈ ਲਾਂਘਾ ਦਿੱਤਾ ਗਿਆ ਹੈ ਅਤੇ ਆਪਣੇ ਫੈਸਲੇ ‘ਤੇ ਉਹ ਕਾਇਮ ਹਨ। ਜੋ 30 ਕਿਸਾਨ ਜੱਥੇਬੰਦੀਆਂ ਨੇ ਫੈਸਲਾ ਕੀਤਾ ਹੈ, ਉਹ ਆਪਣਾ ਫੈਸਲਾ ਕਰਨ ਲਈ ਆਜ਼ਾਦ ਹਨ। ਜੇ ਉਨ੍ਹਾਂ ਦੀ ਅਗਲੀ ਮੀਟਿੰਗ ਵਿਚ ਕੋਈ ਇਸ ਸਬੰਧੀ ਫੈਸਲਾ ਹੋਵੇਗਾ, ਤਾਂ ਉਹ ਵਿਚਾਰਿਆ ਜਾਵੇਗਾ ਪਰ ਉਹ ਦਿੱਲੀ ਘੇਰਨ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਦੀ ਨੀਅਤ ਬਦਨੀਤ ਹੈ ਅਤੇ ਕੇਂਦਰ ਦੇ ਆਗੂ ਕਹਿ ਰਹੇ ਹਨ ਕਿ ਇਹ ਜੋ ਕਾਨੂੰਨ ਹਨ ਉਹ ਠੀਕ ਹਨ। ਕੇਂਦਰ ਵੱਲੋਂ ਗੱਲਬਾਤ ਦਾ ਕੋਈ ਮਾਹੌਲ ਹੈ ਹੀ ਨਹੀਂ ਹੈ। ਉਨ੍ਹਾਂ ਕਿਹਾ ਉਹ ਵੀ ਚਾਹੁੰਦੇ ਹਨ ਕਿ ਗੱਲਬਾਤ ਹੋਵੇ ਪਰ ਉਹ ਚਾਹੁੰਦੇ ਹਨ ਕਿ ਦੇਸ਼ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਬੁਲਾਇਆ ਜਾਵੇ ਅਤੇ ਪ੍ਰਧਾਨ ਮੰਤਰੀ ਆਪ ਮੀਟਿੰਗ ਕਰਨ, ਤਾਂ ਜੋ ਜੱਥੇਬੰਦੀਆਂ ਵਿਚ ਆਪਸੀ ਫੁੱਟ ਨਾ ਪਵੇ ਤੇ ਇਸ ਮਸਲੇ ਦਾ ਕੋਈ ਹੱਲ ਨਿਕਲ ਸਕੇ। ਉਨ੍ਹਾਂ ਕਿਹਾ ਕਿਸਾਨ ਆਗੂ 26 ਨਵੰਬਰ ਨੂੰ ਦਿੱਲੀ ਘੇਰਨ ਦੀ ਤਿਆਰੀ ਲਈ ਪਿੰਡਾਂ ਵਿਚ ਮੀਟਿੰਗਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਪਹਿਲੇ ਫੈਸਲੇ ਅਨੁਸਾਰ ਮਾਲ ਗੱਡੀਆਂ ਦਾ ਲਾਂਘਾ ਜਾਰੀ ਰੱਖਿਆ ਜਾ ਰਿਹਾ ਹੈ। ਮਾਲ ਗੱਡੀਆਂ ਲਈ 22 ਅਕਤੂਬਰ ਤੋਂ ਹੀ ਰੇਲ ਟਰੈਕ ਖਾਲੀ ਹਨ। ਸ਼੍ਰੀ ਇੰਦਰਜੀਤ ਸਿੰਘ ਕੱਲੀਵਾਲ ਤੇ ਰਾਣਾ ਰਣਬੀਰ ਸਿੰਘ ਨੇ ਕਿਹਾ ਕੇਂਦਰ ਸੰਘਰਸ਼ੀਲ ਜੱਥੇਬੰਦੀਆਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


Share