ਕਿਸਾਨ ਮੁੱਦੇ ‘ਤੇ ਕੈਂਡਲ ਮਾਰਚ ਕਰਦੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਿਸ ਨੇ ਕੀਤੀ ਬਦਸਲੂਕੀ : ਬਿੱਟੂ

52
Share

ਨਵੀਂ ਦਿੱਲੀ, 22 ਸਤੰਬਰ (ਪੰਜਾਬ ਮੇਲ)- ਲੋਕ ਸਭਾ ਵਿਚ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਵਿਚ ਕਿਸਾਨਾਂ ਦੇ ਮੁੱਦੇ ‘ਤੇ ਮੰਗਲਵਾਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਪੰਜਾਬ ਤੋਂ ਕਾਂਗਰਸ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਕਾਂਗਰਸ ਦੇ ਤਿੰਨ ਹੋਰ ਮੈਂਬਰ ਸੰਤੋਖ ਚੌਧਰੀ, ਜਸਬੀਰ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਔਜਲਾ ਨਾਲ ਦਿੱਲ ਪੁਲੀਸ ਦੇ ਮੁਲਾਜ਼ਮਾਂ ਨੇ ਸੋਮਵਾਰ ਨੂੰ ਸੰਸਦ ਭਵਨ ਦੇ ਨੇੜੇ ਬਦਸਲੂਕੀ ਕੀਤੀ। ਉਨ੍ਹਾਂ ਕਿਹਾ, ”ਅਸੀਂ ਕਿਸਾਨ ਮੁੱਦੇ ‘ਤੇ ਮੋਮਬੱਤੀ ਮਾਰਚ ਕਰਕੇ ਹੋਏ ਵਿਜੈ ਚੌਕ ਜਾ ਰਹੇ ਸੀ। ਸਿਰਫ 10-15 ਮੀਟਰ ਚੱਲੇ ਹੋਵਾਂਗੇ ਕਿ 100 ਦੇ ਕਰੀਬ ਪੁਲਿਸ ਵਾਲੇ ਅਚਾਨਕ ਆ ਗਏ। ਉਨ੍ਹਾਂ ਨੂੰ ਲੱਗਿਆ ਕਿ ਕਿਧਰੇ ਕਿਸਾਨ ਆਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਕਿਸਾਨਾਂ ਤੋਂ ਕਿੰਨੇ ਡਰੇ ਹੋਏ ਹਨ।” ਬਿੱਟੂ ਨੇ ਦੋਸ਼ ਲਾਇਆ ਕਿ ਉਹ ਮੋਮਬੱਤੀ ਜਗਾਉਣ ਲਈ ਵਿਜੇ ਚੌਕ ਜਾਣਾ ਚਾਹੁੰਦਾ ਸੀ ਪਰ ਪੁਲਿਸ ਨੇ ਚਾਰ ਸੰਸਦ ਮੈਂਬਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਖੁਦ ਨੂੰ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ। ਇਸ ‘ਤੇ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਬਿੱਟੂ ਤੇ ਚੌਧਰੀ ਦੇ ਪੱਤਰ ਮਿਲੇ ਹਨ ਤੇ ਉਨ੍ਹਾਂ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਉਧਰ ਪੁਲਿਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਣ ਲਈ ਉਹ ਰਾਹ ਖਾਲੀ ਕਰਵਾ ਰਹੇ ਸਨ ਕਿਉਂਕਿ ਸ਼੍ਰੀ ਮੋਦੀ ਦਾ ਕਾਫ਼ਲਾ ਅਚਾਨਕ ਹੀ ਇਧਰ ਆ ਰਿਹਾ ਸੀ। ਨਾਲ ਹੀ ਸੰਸਦ ਮੈਂਬਰਾਂ ਨੇ ਧਰਨੇ ਦੀ ਮਨਜ਼ੂਰੀ ਵੀ ਨਹੀਂ ਸੀ ਲਈ।


Share