ਕਿਸਾਨ ਟਰੈਕਟਰ ਪਰੇਡ: ਹਿੰਸਕ ਝੜਪਾਂ ਲਈ ਹੁਣ ਤੱਕ 22 ਐੱਫ.ਆਈ.ਆਰ. ਦਰਜ

90
Share

ਪ੍ਰਦਰਸ਼ਨ ਦੌਰਾਨ ਪੁਲਿਸ ਨੂੰ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲਿਆਂ ਦਾ ਲੈਣਾ ਪਿਆ ਸਹਾਰਾ

ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੇ ਨਾਮ ’ਤੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹੁੜਦੰਗ ਮਚਾਉਣ ਦੇ ਦੋਸ਼ ’ਚ ਹੁਣ ਤੱਕ 22 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਸ਼ਿਕਾਇਤਾਂ ਮਿਲਦੀਆਂ ਰਹਿਣਗੀਆਂ, ਅਸੀਂ ਐੱਫ.ਆਈ. ਆਰ. ਦਰਜ ਕਰਦੇ ਰਹਾਂਗੇ।
ਗਣਤੰਤਰ ਦਿਵਸ ’ਤੇ ਆਯੋਜਿਤ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਟੀਚਾ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫ਼ਸਲਾਂ ਲਈ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਨਾ ਸੀ। ਦਿੱਲੀ ਪੁਲਿਸ ਨੇ ਰਾਜਪਥ ’ਤੇ ਸਮਾਰੋਹ ਸਮਾਪਤ ਹੋਣ ਦੇ ਬਾਅਦ ਤੈਅ ਰਸਤੇ ਤੋਂ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਵੀ ਦਿੱਤੀ ਸੀ ਪਰ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸਮੇਂ ਤੋਂ ਪਹਿਲਾਂ ਵੱਖ-ਵੱਖ ਸਰਹੱਦਾਂ ’ਤੇ ਲੱਗੇ ਬੈਰੀਕੇਡਸ ਨੂੰ ਤੋੜਦੇ ਹੋਏ ਦਿੱਲੀ ਵਿਚ ਦਾਖ਼ਲ ਹੋ ਗਏ।
ਕਈ ਜਗ੍ਹਾ ਪੁਲਿਸ ਦੇ ਨਾਲ ਉਨ੍ਹਾਂ ਦੀ ਝੜਪ ਹੋਈ ਅਤੇ ਪੁਲਿਸ ਨੂੰ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਸਹਾਰਾ ਲੈਣਾ ਪਿਆ। ਕਿਸਾਨਾਂ ਦਾ ਇਕ ਸਮੂਹ ਲਾਲ ਕਿਲ੍ਹਾ ਵੀ ਪਹੁੰਚ ਗਿਆ ਅਤੇ ਉਥੇ ਕੇਸਰੀ ਝੰਡਾ ਲਹਿਰਾਇਆ ਗਿਆ। ਜ਼ਿਕਰਯੋਗ ਹੈ ਕਿ ਟਰੈਕਟਰ ਪਰੇਡ ਦੌਰਾਨ ਹੰਗਾਮਾ, ਭੰਨਤੋੜ ਆਦਿ ਦਾ ਕੇਂਦਰ ਰਹੇ ਆਈ.ਟੀ.ਓ. ’ਤੇ ਟਰੈਕਟਰ ਪਲਟ ਜਾਣ ਨਾਲ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਟਰੈਕਟਰ ਪਰੇਡ ਲਈ ਪਹਿਲਾਂ ਤੋਂ ਤੈਅ ਸ਼ਰਤਾਂ ਦਾ ਉਲੰਘਣ ਕੀਤਾ ਹੈ।


Share