ਕਿਸਾਨ ਜਥੇਬੰਦੀਆਂ ਵੱਲੋਂ ਖੁਦਕੁਸ਼ੀਆਂ ਦਾ ਰਾਹ ਛੱਡ ਸੰਘਰਸ਼ ਦਾ ਪੱਲਾ ਫੜਨ ਦੀ ਅਪੀਲ

72
ਗਾਜ਼ੀਪੁਰ ਸਰਹੱਦ ’ਤੇ ਕਿਸਾਨਾਂ ਦੇ ਧਰਨੇ ਦੌਰਾਨ ਘੁਲਦੇ ਹੋਏ ਪਹਿਲਵਾਨ।
Share

ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ ਦਾ ਪੱਲਾ ਫੜਨ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਚਲਦੇ ਸੰਘਰਸ਼ ਦੌਰਾਨ ਹੋਈਆਂ ਖ਼ੁਦਕੁਸ਼ੀਆਂ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਇਕੋ ਇਕ ਹੱਲ ਸੰਘਰਸ਼ ਹੈ, ਜੋ ਲੰਮਾ ਚੱਲ ਸਕਦਾ ਹੈ, ਪਰ ਅਸੀਂ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿਆਂਗੇ। ਆਗੂਆਂ ਨੇ ਕਿਹਾ ਕਿ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਬੁਜ਼ਦਿਲੀ ਹੈ ਤੇ ਕਿਸਾਨਾਂ ਨੇ ਆਪਣੇ ਇਸ ਅੰਦੋਲਨ ਦੌਰਾਨ ਜਿਹੜੇ ਹੌਂਸਲੇ ਦਾ ਸਬੂਤ ਦਿੱਤਾ ਹੈ, ਉਹਦੀ ਚਰਚਾ ਪੂਰੀ ਦੁਨੀਆਂ ਵਿਚ ਹੈ। ਉਨ੍ਹਾਂ ਕਿਹਾ, ‘ਕਿਸਾਨ ਆਪਣੇ ਗੌਰਵਮਈ ਵਿਰਸੇ ਨੂੰ ਨਾ ਭੁੱਲਣ। ਸਾਡਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਸਾਨੂੰ ਸੰਘਰਸ਼ਾਂ ’ਤੇ ਹੀ ਟੇਕ ਰੱਖਣੀ ਚਾਹੀਦੀ ਹੈ। ਇਸ ਕਰਕੇ ਅਜਿਹੇ ਕਦਮ ਨਾ ਚੁੱਕੇ ਜਾਣ। ਪੰਜਾਬ ਦੇ ਕਿਸਾਨਾਂ ਨੂੰ ਇਸ ਵੇਲੇ ਸੰਘਰਸ਼ ਵਿਚ ‘ਵੱਡੇ ਭਰਾ’ ਦਾ ਰੋਲ ਮਿਲਿਆ ਹੈ ਤੇ ਵੱਡਾ ਭਰਾ ਖ਼ੁਦਕੁਸ਼ੀ ਨਹੀਂ ਕਰ ਸਕਦਾ, ਇਸ ਕਰਕੇ ਭੁੱਲ ਕੇ ਵੀ ਖ਼ੁਦਕੁਸ਼ੀ ਬਾਰੇ ਨਾ ਸੋਚੋ। ਜਿਸ ਹੌਂਸਲੇ ਨਾਲ ਕਿਸਾਨ ਇਹ ਸੰਘਰਸ਼ ਚਲਾ ਰਹੇ ਨੇ, ਯਕੀਨੀ ਜਿੱਤ ਆਪਣੀ ਹੀ ਹੋਣੀ ਹੈ।’ ਆਗੂਆਂ ਨੇ ਕਿਸਾਨਾਂ ਨੂੰ ਜਥੇਬੰਦੀਆਂ ਦੇ ਫੈਸਲਿਆਂ ਅਤੇ ਸੰਘਰਸ਼ ’ਤੇ ਅਨੁਸ਼ਾਸਨ ਨਾਲ ਭਰੋਸਾ ਰੱਖਣ ਦੀ ਅਪੀਲ ਕੀਤੀ।

Share