ਕਿਸਾਨ ਜਥੇਬੰਦੀਆਂ ਨੇ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਪਲੇਟਫਾਰਮਾਂ ‘ਤੇ ਕੀਤੇ ਤਬਦੀਲ

73
Share

ਮਾਨਸਾ, 22 ਅਕਤੂਬਰ (ਪੰਜਾਬ ਮੇਲ)- ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਬਾਅਦ ਦੁਪਹਿਰ ਤਿੰਨ ਵਜੇ ਤੋਂ ਬਾਅਦ ਰੇਲਵੇ ਲਾਈਨਾਂ ਤੋਂ ਆਪਣੇ ਧਰਨੇ ਹੁਣ ਰੇਲਵੇ ਸਟੇਸ਼ਨਾਂ ਤੇ ਪਲੇਟਫਾਰਮਾਂ ਉਤੇ ਤਬਦੀਲ ਕਰ ਲਏ ਹਨ, ਤਾਂ ਜੋ ਮਾਲ ਗੱਡੀਆਂ ਲੰਘ ਸਕਣ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਰੇਲਵੇ ਲਾਈਨਾਂ ਉਪਰ ਲੱਗੇ ਸਾਰੇ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ। ਕਿਸਾਨ ਜਥੇਬੰਦੀਆਂ ਨੇ ਖਾਦ, ਬਾਰਦਾਨੇ ਦੀ ਕਮੀ, ਅਤੇ ਤਾਪਘਰਾਂ ਲਈ ਕੋਲੇ ਦੀ ਸਪਲਾਈ ਵਿਚ ਆਈ ਖੜੌਤ ਕਾਰਨ ਮਾਲ ਗੱਡੀਆਂ ਨੂੰ ਚਲਾਉਣ ਲਈ ਕੀਤੀ ਮੀਟਿੰਗ ਤੋਂ ਬਾਅਦ ਕਹਿ ਦਿੱਤਾ ਗਿਆ ਸੀ। ਮਾਲ ਗੱਡੀਆਂ ਨੂੰ ਲੰਘਣ ਦਾ ਐਲਾਨ ਮਾਨਸਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵਲੋਂ ਕੀਤਾ ਗਿਆ। ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਅੱਜ ਤੋਂ 5 ਨਵੰਬਰ ਤੱਕ ਪੰਜਾਬ ਵਿਚ ਮਾਲ ਗੱਡੀਆਂ ਨੂੰ ਸਪਲਾਈ ਵਾਸਤੇ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਲੀ ਸਮੀਖਿਆ ਵਾਸਤੇ 4 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ ਮੀਟਿੰਗ ਹੋਵੇਗੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਵਲੋਂ ਇਸ ਸੰਘਰਸ਼ ਵਿਚ, ਜੋ ਯੋਗਦਾਨ ਪਾਇਆ ਹੈ, ਉਸ ਦੇ ਨਤੀਜੇ ਵਜੋਂ ਹੀ ਛੇਤੀ ਕੇਂਦਰ ਦੀ ਮੋਦੀ ਸਰਕਾਰ ਉਪਰ ਅੰਨਦਾਤਾ ਦੀ ਸੰਘਰਸ਼ੀ ਜਿੱਤ ਹੋਵੇਗੀ।


Share