ਕਿਸਾਨ ਆਗੂਆਂ ਨੇ ਕੀਤਾ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ

210
Share

ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- ਕਿਸਾਨ ਅੰਦੋਲਨ ਦੇ 16 ਦਿਨ ਮੁਕੰਮਲ ਹੋ ਗਏ ਹਨ। ਵੀਰਵਾਰ ਸ਼ਾਮੀਂ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ, ਤਾਂ ਕਿਸਾਨ ਆਗੂਆਂ ਨੇ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ। ਸਿੰਘੂ ਬਾਰਡਰ ’ਤੇ ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਨ ਦੇ ਸਬੰਧ ਵਿੱਚ ਕੋਈ ਫ਼ੈਸਲਾ ਨਹੀਂ ਹੋਇਆ, ਇਸ ਲਈ ਹੁਣ ਮੁਜ਼ਾਹਰਾਕਾਰੀ ਰੇਲ ਗੱਡੀਆਂ ਰੋਕਣਗੇ। ਇਸ ਤੋਂ ਪਹਿਲਾਂ ਦੋ ਮਹੀਨੇ ਪੰਜਾਬ ਵਿੱਚ ਰੇਲਾਂ ਰੋਕੀਆਂ ਗਈਆਂ ਸੀ। ਹੁਣ ਪੂਰੇ ਦੇਸ਼ ਵਿੱਚ ਰੇਲ ਆਵਾਜਾਈ ਠੱਪ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜੇਕਰ ਕਿਸਾਨਾਂ ਦਾ ਇਹ ਐਕਸ਼ਨ ਕਾਮਯਾਬ ਹੁੰਦਾ ਹੈ ਤਾਂ ਮੋਦੀ ਸਰਕਾਰ ਲਈ ਵੱਡੀ ਸਿਰਦਰਦੀ ਖੜ੍ਹੀ ਹੋ ਜਾਏਗੀ ਕਿਉਂਕਿ ਦੇਸ਼ ਦੀ ਪੂਰੀ ਆਰਥਿਕਤਾ ਰੇਲ ਆਵਾਜਾਈ ਨਾਲ ਹੀ ਜੁੜੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਕੁਝ ਵੀ ਹੋਵੇ, ਤਿੰਨੇ ਨਵੇਂ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਉਹ ਇਹੋ ਆਖ ਰਹੇ ਹਨ ਕਿ ਸਰਕਾਰ ਗੰਭੀਰਤਾ ਨਾਲ ਸਾਡੀਆਂ ਮੰਗਾਂ ’ਤੇ ਵਿਚਾਰ ਨਹੀਂ ਕਰ ਰਹੀ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਕਿਸੇ ਵੇਲੇ ਵੀ ਗੱਲਬਾਤ ਲਈ ਆਉਣ, ਅਸੀਂ ਤਿਆਰ ਹਾਂ।ਦੂਜੇ ਪਾਸੇ ਸਰਕਾਰ ਅਜੇ ਵੀ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵੀਰਵਾਰ ਨੂੰ ਨਵੇਂ ਸੰਸਦ ਭਵਨ ਦੀ ਨੀਂਹ ਰੱਖਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,‘ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਜਦੋਂ ਤੱਕ ਦੁਨੀਆ ਰਹੇ, ਤਦ ਤੱਕ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ।’ ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਨੀਤੀ ’ਚ ਕੋਈ ਫ਼ਰਕ ਹੋ ਸਕਦਾ ਹੈ ਪਰ ਸਾਡਾ ਅੰਤਿਮ ਟੀਚਾ ਲੋਕਾਂ ਦੀ ਸੇਵਾ ਹੀ ਹੈ। ਜੁਲ ਸ਼ੁਰੂ ਹੋ ਗਈ ਹੈ। ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਕੇਂਦਰ ਨੇ ਐਮਐਸਪੀ ਦੀ ਮੰਗ ਪ੍ਰਵਾਨ ਕਰ ਲਈ ਹੈ। ਹੁਣ ਫ਼ੈਸਲਾ ਕਿਸਾਨ ਜਥੇਬੰਦੀਆਂ ’ਤੇ ਹੈ। ਜੇਕਰ ਸਰਕਾਰ ਐਮਐਸਪੀ ਤੋਂ ਪਿੱਛੇ ਹਟੇਗੀ ਤਾਂ ਉਹ ਅਸਤੀਫਾ ਦੇ ਦੇਣਗੇ। ਉੱਥੇ ਹੀ ਸਮਾਜਕ ਕਾਰਕੁਨ ਅੰਨਾ ਹਜ਼ਾਰੇ ਨੇ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਨੇ ਜੇ ਕਿਸਾਨਾਂ ਦੀ ਸਮੱਸਿਆ ਹੱਲ ਨਾ ਕੀਤੀ, ਤਾਂ ਉਹ ਲੋਕਪਾਲ ਅੰਦੋਲਨ ਵਾਂਗ ਇੱਕ ਜਨ ਅੰਦੋਲਨ ਕਰਨਗੇ। ਇਸ ਦੌਰਾਨ ਸਿੰਘੂ ਬਾਰਡਰ ’ਤੇ ਬੈਠੇ ਕਿਸਾਨਾਂ ਵਿਰੁੱਧ ਦਿੱਲੀ ਪੁਲਿਸ ਨੇ ਮਹਾਮਾਰੀ ਕਾਨੂੰਨ ਤੇ ਹੋਰ ਧਾਰਾਵਾਂ ਦੇ ਆਧਾਰ ’ਤੇ ਐਫ਼ਆਈਆਰ ਦਰਜ ਕੀਤੀ ਹੈ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਕਿਸਾਨਾਂ ਖਿਲਾਫ ਸਖਤੀ ਹੋ ਸਕਦੀ ਹੈ ਪਰ ਸਰਕਾਰ ਅਜੇ ਸਿੱਧਾ ਪੰਗਾ ਨਹੀਂ ਲੈਣਾ ਚਾਹੁੰਦੀ। ਅਜਿਹਾ ਕਰਨ ਨਾਲ ਸੰਘਰਸ਼ ਹੋਰ ਤਿੱਖਾ ਹੋ ਸਕਦਾ ਹੈ।


Share