ਕਿਸਾਨ ਅੰਦੋਲਨ : ਸਰਕਾਰ ਦਾ ਨਵਾਂ ਦਾਅ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਅੰਦੋਲਨ ਖ਼ਤਮ ਕਰਨ ਲਈ ਕੀਤੀ ਅਪੀਲ

76
Share

ਗਿਆਨੀ ਹਰਪ੍ਰੀਤ ਸਿੰਘ ਨੇ ਅਜਿਹਾ ਕਰਨ ਤੋਂ ਕੀਤਾ ਇਨਕਾਰ

ਚੰਡੀਗੜ੍ਹ, 9 ਜਨਵਰੀ (ਪੰਜਾਬ ਮੇਲ)- ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਪੂਰੇ ਹੱਥ ਪੈਰ ਮਾਰ ਰਹੀ ਹੈ।ਹੁਣ ਕੇਂਦਰ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਚੋਲਗੀ ਕਰਨ ਦੀ ਅਪੀਲ ਕੀਤੀ ਹੈ।ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਅਤੇ ਕਿਸਾਨ ਵਿਚਕਾਰ ਆਉਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਹੈ।ਉਧਰ ਕੇਂਦਰ ਸਰਕਾਰ ਸਿੱਖਾਂ ਖਿਲਾਫ ਕੁਝ ਵੱਡੇ ਫੈਸਲੇ ਲੈਣ ਤੇ ਵੀ ਵਿਚਾਰ ਕਰ ਰਹੀ ਹੈ।ਇਸ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਜ਼ੋਆਣਾ ਦੀ ਦਯਾ ਪਟੀਸ਼ਨ ਤੇ ਫੈਸਲਾ ਵੀ ਸ਼ਾਮਲ ਹੈ।
ਰਜ਼ੋਆਨਾ ਨੂੰ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ। ਰਜ਼ੋਆਣਾ ਨੇ ਇਸ ਸਜ਼ਾ ਵਿਰੁੱਧ ਉਪਰਲੀ ਅਦਾਲਤ ਵਿੱਚ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਬਾਦਲ ਸਰਕਾਰ ਪੰਜਾਬ ਵਿੱਚ ਸੀ, ਰਾਜੋਆਣਾ ਦਾ ਮੌਤ ਦਾ ਵਾਰੰਟ ਵੀ ਜਾਰੀ ਕੀਤਾ ਗਿਆ ਸੀ, ਪਰ ਪਟਿਆਲਾ ਜੇਲ੍ਹ ਦੇ ਜੇਲ੍ਹਰ ਨੇ ਮੌਤ ਦੇ ਵਾਰੰਟ ਨੂੰ ਲਾਗੂ ਕਰਨ ਵਿੱਚ ਅਸਮਰੱਥਤਾ ਜ਼ਾਹਰ ਕੀਤੀ ਸੀ।
ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨਾਲ ਮੁਲਾਕਾਤ ਕੀਤੀ ਸੀ ਅਤੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੰਦੇ ਹੋਏ ਫਾਂਸੀ ਨੂੰ ਰੋਕ ਦਿੱਤਾ ਸੀ।ਐਸਜੀਪੀਸੀ ਨੇ ਕੇਂਦਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ ਦੀ ਅਰਜ਼ੀ ਭੇਜੀ ਸੀ ਅਤੇ ਕੇਂਦਰ ਸਰਕਾਰ ਇਸ ‘ਤੇ ਹੁਣ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਰਾਸ਼ਟਰਪਤੀ ਭਵਨ ਤੋਂ ਇਸ ਰਹਿਮ ਪਟੀਸ਼ਨ ‘ਤੇ ਜਲਦ ਫੈਸਲਾ ਲਿਆ ਜਾ ਸਕਦਾ ਹੈ।


Share