ਕਿਸਾਨ ਅੰਦੋਲਨ : ਰੇਲਵੇ ਨੂੰ 2200 ਕਰੋੜ ਰੁਪਏ ਤੋਂ ਵੱਧ ਦਾ ਹੋਇਆ ਨੁਕਸਾਨ

63
Share

ਚੰਡੀਗੜ੍ਹ/ਨਵੀਂ ਦਿੱਲੀ,20 ਨਵੰਬਰ (ਪੰਜਾਬ ਮੇਲ)- ਪੰਜਾਬ ‘ਚ ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਨੂੰ 2200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਰੇਲ ਮੰਤਰਾਲਾ ਦੇ ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਰੇਲਵੇ ਨੂੰ ਨੁਕਸਾਨ ਦਾ ਇਹ ਅੰਕੜਾ ਵੀਰਵਾਰ ਤੱਕ ਦੀ ਸਥਿਤੀ ਦੇ ਅਨੁਮਾਨ ਮੁਤਾਬਕ ਹੈ। ਇਸ ਅੰਕੜੇ ‘ਚ ਰੇਲਵੇ ਦੀ ਜਾਇਦਾਦ ਨੂੰ ਹੋਏ ਨੁਕਸਾਨ ਦਾ ਅਨੁਮਾਨ ਸ਼ਾਮਲ ਨਹੀਂ ਹੈ। ਇਸ ਸਬੰਧੀ ਅੰਦੋਲਨ ਖਤਮ ਹੋਣ ਤੋਂ ਬਾਅਦ ਅਨੁਮਾਨ ਲਾਇਆ ਜਾਵੇਗਾ। ਪੰਜਾਬ ‘ਚ ਰੋਜ਼ਾਨਾ ਲਗਭਗ 30 ਰੈਕ ਮਾਲ ਆਉਂਦਾ ਹੈ। 40 ਰੈਕ ਦਾ ਮਾਲ ਬਾਹਰ ਜਾਂਦਾ ਹੈ। ਅੰਦੋਲਨ ਕਾਰਨ ਸੂਬੇ ਨੂੰ ਰੋਜ਼ਾਨਾ ਘੱਟੋ ਘੱਟ ਇੰਨਾ ਨੁਕਸਾਨ ਹੋਇਆ ਕਿ ਮਾਲਗੱਡੀਆਂ ਦੇ 263 ਰੈਕ ਫੱਸ ਗਏ। 33 ਰੈਕ ਪੰਜਾਬ ਦੇ ਅੰਦਰ ਅਤੇ 230 ਬਾਹਰ ਫੱਸ ਗਏ। ਇਨ੍ਹਾਂ ‘ਚੋਂ 78 ਰੈਕ ਕੋਲਾ, 34 ਰੈਕ ਖਾਦ, 8 ਰੈਕ ਸੀਮੈਂਟ, 8 ਰੈਕ ਪੈਟ੍ਰੋਲੀਅਮ ਵਸਤਾਂ ਅਤੇ 102 ਰੈਕ ਸਟੀਲ ਅਤੇ ਹੋਰ ਸਮੱਗਰੀ ਦੇ ਹਨ। ਅੰਦੋਲਨ ਕਾਰਨ ਮਾਲ ਗੱਡੀਆਂ ਦੇ 3850 ਰੈਕਾਂ ‘ਤੇ ਲਦਾਨ ਨਹੀਂ ਹੋ ਸਕਿਆ। 2352 ਮੁਸਾਫਰ ਗੱਡੀਆਂ ਨੂੰ ਰੱਦ ਕਰਨਾ ਪਿਆ ਜਾਂ ਉਨ੍ਹਾਂ ਦੇ ਰਾਹ ਤਬਦੀਲ ਕਰਨੇ ਪਏ। ਮਾਲ ਗੱਡੀਆਂ ‘ਚ ਲਦਾਨ ਨਾ ਹੋ ਸਕਣ ਕਾਰਨ ਰੇਲਵੇ ਨੂੰ ਰੋਜ਼ਾਨਾ 14.85 ਕਰੋੜ ਰੁਪਏ ਦਾ ਨੁਕਸਾਨ ਹੋਇਆ। ਮੁਸਾਫਰ ਗੱਡੀਆਂ ਨਾ ਚੱਲਣ ਕਾਰਨ ਪ੍ਰਤੀ ਟ੍ਰੇਨ 67 ਕਰੋੜ ਰੁਪਏ ਦਾ ਨੁਕਸਾਨ ਹੋਇਆ।


Share