ਕਿਸਾਨ ਅੰਦੋਲਨ ਦੀ ਗੂੰਜ : ਪਰਵਾਸੀ ਸਿਆਸਤਦਾਨਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

133
Share

ਚੰਡੀਗੜ੍ਹ, 29 ਨਵੰਬਰ (ਪੰਜਾਬ ਮੇਲ)- ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਵਿੱਡੇ ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ਾਂ ਤਕ ਪਈ ਹੈ। ਇਸ ਲਈ ਹੁਣ ਵਿਦੇਸ਼ਾਂ ‘ਚ ਵੱਸੇ ਪੰਜਾਬੀਆਂ ਨੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ। ਪਰਵਾਸੀ ਭਾਰਤੀ ਸਿਆਸਤਦਾਨਾਂ ਨੇ ਦਿੱਲੀ ਵੱਲ ਵਧੇ ਕਿਸਾਨਾਂ ‘ਤੇ ਢਾਏ ਤਸ਼ੱਦਦ ਦੀ ਨਿਖੇਧੀ ਕੀਤੀ ਹੈ। ਪਰਵਾਸੀ ਲੀਡਰਾਂ ਨੇ ਕਿਸਾਨਾਂ ‘ਤੇ ਹਰਿਆਣਾ ਤੇ ਦਿੱਲੀ ਪੁਲਿਸ ਵੱਲੋਂ ਲਾਈਆਂ ਗਈਆਂ ਰੋਕਾਂ, ਅੱਥਰੂ ਗੈਸ ਦਾ ਇਸਤੇਮਾਲ ਤੇ ਪਾਣੀ ਦੀਆਂ ਬੋਛਾੜਾ ਵਰ੍ਹਾਏ ਜਾਣ ਦੀ ਨਿਖੇਧੀ ਕੀਤੀ ਹੈ।

ਐਨਡੀਪੀ ਦੇ ਵਿਧਾਇਕ ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸੰਸਦ ਸਕੱਤਰ ਰਚਨਾ ਸਿੰਘ ਨੇ ਕਿਸਾਨ ਪ੍ਰਦਰਸ਼ਨ ਦੀ ਵੀਡੀਓ ਰੀਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੇ ਵਤੀਰੇ ਤੋਂ ਮੈਂ ਸੱਚਮੁੱਚ ਬਹੁਤ ਉਦਾਸ ਹਾਂ। ਇਹ ਸਹਿਣਯੋਗ ਨਹੀਂ ਹੈ। ਕੈਨੇਡਾ ‘ਚ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਲਿਖਿਆ, ‘ਪੰਜਾਬ ਦੇ ਕਿਸਾਨਾਂ ਨਾਲ ਕੀਤਾ ਸਲੂਕ ਬਹੁਤ ਦੁਖਦਾਈ ਹੈ। ਕਿਸਾਨ ਪੰਜਾਬ ਦੀ ਤਾਕਤ ਤੇ ਰੀੜ ਦੀ ਹੱਡੀ ਹਨ ਤੇ ਉਨ੍ਹਾਂ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਮੈਂ ਮਜਬੂਤੀ ਨਾਲ ਕਿਸਾਨਾਂ ਦੇ ਨਾਲ ਖੜਾ ਹਾਂ।

ਇਕ ਹੋਰ ਕੈਨੇਡੀਅਨ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ, ‘ਕਿਸੇ ਵੀ ਲੋਕਤੰਤਰ ‘ਚ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹਰ ਇਕ ਨੂੰ ਹੈ। ਮੈਂ ਭਾਰਤ ‘ਚ ਕਿਸਾਨਾਂ ਨਾਲ ਕੀਤੇ ਸਲੂਕ ਤੋਂ ਬਹੁਤ ਪਰੇਸ਼ਾਨ ਹਾਂ। ਭਾਰਤੀ ਅਥਾਰਿਟੀਜ਼ ਵੱਲੋਂ ਕਿਸਾਨਾਂ ‘ਤੇ ਕੀਤਾ ਤਸ਼ੱਦਦ ਕਿਸੇ ਵੀ ਤਰ੍ਹਾਂ ਸਹਿਣਯੋਗ ਨਹੀਂ ਹੈ। ਮੈਂ ਕਿਸਾਨਾਂ ਦਾ ਸਮਰਥਨ ਕਰਦਾ ਹਾਂ।’ ਨੇਡਾ ਦੇ ਐਮਪੀ ਮਨਿੰਦਰ ਸਿੰਘ ਸਿੱਧੂ ਨੇ ਲਿਖਿਆ, ‘ਅਸੀਂ ਭਾਰਤ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਸਬੰਧੀ ਫਿਕਰਮੰਦ ਹਾਂ। ਸ਼ਾਂਤਮਈ ਪ੍ਰਦਰਸ਼ਨ ਕਰਨਾ ਸੰਵਿਧਾਨਕ ਅਧਿਕਾਰ ਹੈ। ਭਾਰਤ ਦੇ ਕਿਸਾਨਾਂ ਨੂੰ ਬਿਨਾਂ ਡਰ ਦੇ ਆਪਣੀ ਗੱਲ ਰੱਖਣ ਦਦੇਣੀ ਚਾਹੀਦੀ ਹੈ।’ ਇਕ ਹੋਰ ਕੈਨੇਡੀਅਨ ਸੰਸਦ ਮੈਂਬਰ ਟਿਮ ਉੱਪਲ ਨੇ ਕਿਸਾਨਾਂ ‘ਤੇ ਹੋਏ ਤਸ਼ੱਦਦ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ, ‘ਭਾਰਤੀ ਕਿਸਾਨ ਸਤਿਕਾਰ ਤੇ ਆਪਣੀ ਗੱਲ ਰੱਖਣ ਦੇ ਹੱਕਦਾਰ ਹਨ। ਜੋ ਹੋਇਆ ਇਹ ਭਿਆਨਕ ਹੈ।’


Share