ਕਿਸਾਨ ਅੰਦੋਲਨ: ਟਿਕਰੀ ਬਾਰਡਰ ’ਤੇ ਨਾਭਾ ਦੇ ਪਿੰਡ ਤੁੰਗਾਂ ਦਾ ਕਿਸਾਨ ਸ਼ਹੀਦ

102
Share

ਨਾਭਾ, 20 ਜਨਵਰੀ (ਪੰਜਾਬ ਮੇਲ)- ਪਿੰਡ ਤੁੰਗਾਂ ਦੇ 65 ਸਾਲ ਧੰਨਾ ਸਿੰਘ ਦੀ ਬੁੱਧਵਾਰ ਸਵੇਰੇ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਠੰਢ ਕਾਰਨ ਮੌਤ ਹੋ ਗਈ। ਇਸ ਖ਼ਬਰ ਨਾਲ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਭਾ ਇਕਾਈ ਦੇ ਪ੍ਰਧਾਨ ਹਰਮੇਲ ਸਿੰਘ ਨੇ ਦੱਸਿਆ ਕਿ ਧੰਨਾ ਸਿੰਘ ਪਹਿਲੇ ਦਿਨ ਤੋਂ ਹੀ ਆਪਣੀ ਟਰੈਕਟਰ-ਟਰਾਲੀ ਨਾਲ ਟਿੱਕਰੀ ਬਾਰਡਰ ’ਤੇ ਡਟੇ ਹੋਏ ਸਨ। ਸ਼ਹੀਦ ਧੰਨਾ ਸਿੰਘ ਪੁੱਤਰ ਛੱਜੂ ਸਿੰਘ ਰਾਤ ਤੱਕ ਬਿਲਕੁਲ ਠੀਕ ਸੀ ਪਰ ਸੁੱਤੇ ਪਿਆਂ ਹੀ ਠੰਢ ਵਿਚ ਉਸ ਦੀ ਮੌਤ ਹੋ ਗਈ। ਨਾਲ ਦੇ ਸਾਥੀਆਂ ਨੇ ਜਦੋਂ ਸਵੇਰੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਇਹ ਸੰਸਾਰ ਛੱਡ ਚੁੱਕਿਆ ਸੀ। ਟਿੱਕਰੀ ਬਾਰਡਰ ਤੋਂ ਫੋਨ ’ਤੇ ਗੱਲ ਕਰਦਿਆਂ ਹਰਮੇਲ ਸਿੰਘ ਨੇ ਦੱਸਿਆ ਕਿ ਧੰਨਾ ਸਿੰਘ ਯੂਨੀਅਨ ਦੀ ਪਿੰਡ ਇਕਾਈ ਦੇ ਮੀਤ ਪ੍ਰਧਾਨ ਸਨ। ਉਹ ਆਪਣੇ ਪਿੱਛੇ ਮਾਤਾ, ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ। ਉਨ੍ਹਾਂ ਦਾ ਵੀਰਵਾਰ ਨੂੰ ਪਿੰਡ ’ਚ ਅੰਤਿਮ ਸਸਕਾਰ ਕੀਤਾ ਜਾਵੇਗਾ।

Share