ਕਿਸਾਨੀ ਸੰਘਰਸ਼ ਦੌਰਾਨ 4 ਹੋਰ ਕਿਸਾਨਾਂ ਦੀ ਮੌਤ

94
Share

ਚੰਡੀਗੜ੍ਹ, 27 ਦਸੰਬਰ (ਪੰਜਾਬ ਮੇਲ)- ਦਿੱਲੀ ਵਿਖੇ ਚਲ ਰਹੇ ਕਿਸਾਨੀ ਸੰਘਰਸ਼ ਵਿਚ ਕੜਾਕੇ ਦੀ ਠੰਢ ਦੌਰਾਨ ਵੀ ਸਾਰਿਆਂ ਵਿਚ ਜੋਸ਼ ਕਾਇਮ ਹੈ। ਅਜਿਹੇ ਵਿਚ ਚਾਰ ਕਿਸਾਨਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਹ ਕਿਸਾਨ ਬਠਿੰਡਾ, ਸਮਰਾਲਾ, ਸੰਗਰੂਰ ਅਤੇ ਹਰਿਆਣਾ ਦੇ ਕੈਥਲ ਨਾਲ ਸਬੰਧਤ ਹਨ। ਦਸਣਯੋਗ ਹੈ ਕਿ ਬਠਿੰਡੇ ਦੇ ਪਿੰਡ ਭਾਗੀਵਾਂਦਰ ਦੇ ਕਿਸਾਨ ਦੀ ਟਿੱਕਰੀ ਸਰਹੱਦ ਤੋਂ ਵਾਪਸ ਪਰਤਣ ’ਤੇ ਠੰਢ ਲੱਗਣ ਕਾਰਨ ਬੀਮਾਰ ਹੋਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਤਲਵੰਡੀ ਸਾਬੋ ਲਾਗਲੇ ਪਿੰਡ ਭਾਗੀਵਾਂਦਰ ਦਾ ਕਿਸਾਨ ਗੁਰਪਿਆਰ ਸਿੰਘ ਟਿਕਰੀ ਮੋਰਚੇ ’ਚ ਹਾਜ਼ਰੀ ਭਰ ਕੇ ਆਇਆ ਸੀ, ਜਿਥੇ ਉਸ ਨੂੰ ਠੰਢ ਲੱਗਣ ਕਾਰਣ ਉਹ ਬੀਮਾਰ ਹੋ ਗਿਆ ਸੀ, ਪਰ ਲਗਾਤਾਰ ਹਾਲਤ ਵਿਗੜਣ ਕਾਰਣ ਉਸਨੂੰ ਦਿੱਲੀ ਤੋਂ ਘਰਦੇ ਵਾਪਿਸ ਲੈ ਆਏ ਸਨ ਪਰ ਬੀਤੀ ਦੇਰ ਰਾਤ ਉਸਦੀ ਮੌਤ ਹੋ ਗਈ।

ਇਸੇ ਤਰ੍ਹਾਂ ਧਰਨੇ ’ਚੋਂ ਵਾਪਸ ਪਰਤੇ ਸਮਰਾਲਾ ਦੇ ਨੇੜਲੇ ਪਿੰਡ ਟੋਡਰਪੁਰ ਦੇ ਕਿਸਾਨ ਹਰਬੰਸ ਸਿੰਘ (68) ਦੀ ਬੀਤੀ ਰਾਤ ਮੌਤ ਹੋ ਗਈ। ਕੁੱਝ ਦਿਨ ਪਹਿਲਾਂ ਉਸ ਨੂੰ ਬੁਖ਼ਾਰ ਹੋ ਜਾਣ ਕਾਰਨ ਧਰਨੇ ’ਚ ਗਿਆ ਉਸ ਦਾ ਪਰਵਾਰ ਉਸ ਨੂੰ ਵਾਪਸ ਘਰ ਲੈ ਆਇਆ ਸੀ ਅਤੇ ਬੀਤੀ ਰਾਤ ਉਸ ਨੇ ਦਮ ਤੋੜ ਦਿਤਾ।
ਇਸੇ ਤਰ੍ਹਾਂ ਦਿੱਲੀ ਮੋਰਚੇ ’ਚ ਡਟੇ ਸੰਗਰੂਰ ਦੇ ਕਿਸਾਨ ਦੀ ਧਰਨੇ ਤੋਂ ਪਰਤਣ ਮਗਰੋਂ ਦਿਮਾਗ਼ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਿੰਡ ਗੋਬਿੰਦਪੁਰਾ ਨਾਗਰੀ ਦਾ ਕਿਸਾਨ ਸੁਖਬੀਰ ਸਿੰਘ (52) ਅਪਣੀ ਪਤਨੀ ਨਾਲ 26 ਨਵੰਬਰ ਨੂੰ ਦਿੱਲੀ ’ਚ ਕਿਸਾਨ ਅੰਦੋਲਨ ’ਚ ਸ਼ਾਮਲ ਹੋਇਆ ਸੀ। 17 ਦਿਨ ਉੱਥੇ ਰਹਿਣ ’ਤੇ ਉਹ ਬੀਮਾਰ ਪੈ ਗਿਆ। ਇਸ ਕਾਰਨ ਉਸ ਨੂੰ ਵਾਪਸ ਪਿੰਡ ਭੇਜ ਦਿਤਾ ਗਿਆ। 2 ਦਿਨ ਦਵਾਈ ਲੈਣ ਤੋਂ ਬਾਅਦ ਜਦੋਂ ਉਹ ਠੀਕ ਨਾ ਹੋਇਆ ਤਾਂ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਇਸ ਤੋ ਇਲਾਵਾ ਕਿਸਾਨ ਅੰਦੋਲਨ ’ਚ ਡਟੇ ਹੁਣ ਤਕ ਦੋ ਦਰਜਨ ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਤੇ ਇਕ ਹੋਰ ਕੈਥਲ ਦੇ ਕਿਸਾਨ ਦੀ ਟਿੱਕਰੀ ਬਾਰਡਰ ’ਤੇ ਮੌਤ ਹੋਈ ਹੈ। ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। 32 ਸਾਲਾ ਉਮਰਪਾਲ ਸੇਰਧਾ ਪਿੰਡ ਦਾ ਰਹਿਣ ਵਾਲਾ ਸੀ।


Share