ਕਿਸਾਨੀ ਅੰਦੋਲਨ : ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

401
ਪਟਿਆਲਾ 'ਚ ਜਾਰੀ ਕਿਸਾਨਾਂ ਦੇ ਮੋਰਚੇ ਦਾ ਇੱਕ ਦ੍ਰਿਸ਼।
Share

ਨਵੀਂ ਦਿੱਲੀ, 18 ਦਸੰਬਰ (ਪੰਜਾਬ ਮੇਲ)- ਦਿੱਲੀ ਦੀਆਂ ਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 23ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ।  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ। ਅਸੀਂ ਇਨ੍ਹਾਂ ਕਾਨੂੰਨਾਂ ਵਿਰੁੱਧ ਆਪਣੀ ਲੜਾਈ ਨਹੀਂ ਛੱਡਾਂਗੇ। ਦੱਸਣਯੋਗ ਹੈ ਕਿ ਵੀਰਵਾਰ ਨੂੰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ। ਤੋਮਰ ਨੇ ਬਕਾਇਦਾ ਕਿਸਾਨਾਂ ਦੇ ਨਾਂ ਇਕ ਚਿੱਠੀ ਜਾਰੀ ਕੀਤੀ, ਇਸ ‘ਚ ਲਿਖਿਆ ਹੈ ਕਿ ਕਿਸਾਨਾਂ ਦਰਮਿਆਨ ਨਵੇਂ ਕਾਨੂੰਨ ‘ਤੇ ਰਾਜਨੀਤੀ ਲਈ ਝੂਠ ਫੈਲਾਇਆ ਜਾ ਰਿਹਾ ਹੈ। ਚਿੱਠੀ ‘ਚ ਉਹੀ ਗੱਲਾਂ ਲਿਖੀਆਂ ਹਨ, ਜੋ ਸਰਕਾਰ ਨੇ ਆਪਣੇ ਪ੍ਰਸਤਾਵ ‘ਚ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਤੀਆਂ ਸਨ। ਜਿਵੇਂ ਕਿ ਐੱਮ.ਐੱਸ.ਪੀ.  ਦੀ ਲਿਖਤੀ ਗਾਰੰਟੀ, ਜ਼ਮੀਨ ‘ਤੇ ਕਬਜ਼ੇ ਦੇ ਡਰ ‘ਤੇ ਸਪੱਸ਼ਟੀਕਰਨ, ਵਿਵਾਦ ਹੋਣ ‘ਤੇ ਕਿਸਾਨਾਂ ਨੂੰ ਕੋਰਟ ਜਾਣ ਦੀ ਛੋਟ। ਕਿਸਾਨ ਇਨ੍ਹਾਂ ਪ੍ਰਸਤਾਵਾਂ ਨੂੰ ਪਹਿਲਾਂ ਹੀ ਖਾਰਜ ਕਰ ਚੁਕੇ ਹਨ।
ਉੱਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਛੇ ਕਿਸਾਨ ਆਗੂਆਂ ਨੂੰ 50 ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇਸ ਰਕਮ ਬਾਰੇ ਦੋ ਗਰਾਂਟਰਾਂ ਦੀਆਂ ਸਕਿਊਰਿਟੀਆਂ ਜਮ੍ਹਾਂ ਕਰਵਾਉਣ ਨੂੰ ਕਿਹਾ ਹੈ। ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਨ੍ਹਾਂ ਛੇ ਕਿਸਾਨ ਆਗੂਆਂ ਉੱਪਰ ਪੁਲਿਸ ਨੇ ਸਥਾਨਕ ਕਿਸਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਸੀ। ਇਨ੍ਹਾਂ ਛੇ ਆਗੂਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਅਸਲੀ) ਦੇ ਸੰਭਲ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ, ਜੈਵੀਰ ਅਤੇ ਸਤਿੰਦਰਾ ਸ਼ਾਮਲ ਹਨ। ਐੱਸਡੀਐੱਮ ਦੀਪੇਂਦਰ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਜਮ੍ਹਾਂ ਕਰਵਾਈ ਗਈ ਰਿਪੋਰਟ ਦੇ ਅਧਾਰ ਤੇ ਕਿਸਾਨਾਂ ਨੂੰ ਇਹ ਨੋਟਿਸ ਕਰੀਮੀਨਲ ਪ੍ਰੋਸਜ਼ੀਰ ਕੋਡ ਦੀ ਦਫਾ 111 ਤਹਿਤ ਜਾਰੀ ਕੀਤਾ ਗਿਆ ਹੈ। ਇਸ ਧਾਰਾ ਤਹਿਤ ਮੈਜਿਸਟਰੇਟ ਕਿਸੇ ਵੀ ਅਮਨ ਭੰਗ ਕਰਨ ਵਾਲੇ ਸ਼ਖ਼ਸ ਨੂੰ ਨੋਟਿਸ ਜਾਰੀ ਕਰ ਸਕਦਾ ਹੈ।
ਅਜਿਹੀ ਸਥਿਤੀ ਵਿਚ ਦਿੱਲੀ ਵਿਖੇ ਡਟੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਹੀ ਜਾਵਾਂਗੇ। ਜਿ਼ਕਰਯੋਗ ਹੈ ਕਿ ਦਿੱਲੀ ਦੀ ਸਰਹੱਦ ਉਤੇ ਡਟੇ ਹੋਏ ਕਿਸਾਨਾਂ ਦੀ ਮਦਦ ਲਈ ਜਿਥੇ ਕੇਜਰੀਵਾਲ ਸਰਕਾਰ ਅੱਗੇ ਆਈ ਹੈ ਉਥੇ ਹੀ ਹਰਿਆਣੀ ਕਿਸਾਨ ਵੀ ਕਿਸਾਨਾਂ ਤਕ ਮਦਦ ਪਹੁੰਚਾ ਕੇ ਆਪਣਾ ਫ਼ਰਜ ਨਿਭਾ ਰਹੇ ਹਨ, ਹਰਿਆਣਵੀ ਕਿਸਾਨ ਦਿੱਲੀ ਵਿਖੇ ਕਿਸਾਨਾਂ ਲਈ ਰਾਸ਼ਨ ਪਾਣੀ ਦਾ ਪ੍ਰਬੰਧ ਕਰ ਰਹੇ ਹਨ।


Share