ਕਿਸਾਨਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਵਿਜੈ ਇੰਦਰ ਸਿੰਗਲਾ ਭੁੱਖ ਹੜਤਾਲ ‘ਤੇ ਬੈਠਣਗੇ

69
Share

ਚੰਡੀਗੜ, 23 ਦਸੰਬਰ (ਪੰਜਾਬ ਮੇਲ)- ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਐਲਾਨ ਕੀਤਾ ਕਿ ਉਹ 23 ਦਸੰਬਰ ਨੂੰ ਕੌਮੀ ਕਿਸਾਨ ਦਿਵਸ ਮੌਕੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਦਿਆਂ ਭੁੱਖ ਹੜਤਾਲ ’ਤੇ ਬੈਠਣਗੇ।
ਇਸ ਸਬੰਧੀ ਟਵੀਟ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ, ‘‘ਮੈਂ ਕਿਸਾਨ ਦਿਵਸ ਮੌਕੇ ਆਪਣੇ ਕਿਸਾਨਾਂ ਅਤੇ ਆੜਤੀਆਂ ਦੀਆਂ ਮੰਗਾਂ ਦੇ ਸਮਰਥਨ ਲਈ ਅਤੇ ਭਾਜਪਾ ਦੀ ਕੇਂਦਰ ਸਰਕਾਰ ਦੇ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਭੁੱਖ ਹੜਤਾਲ ‘ਤੇ ਬੈਠਾਂਗਾ।“
‘‘ਮੈਂ ਸਭਨਾਂ ਨੂੰ ਅਪੀਲ ਕਰਦਾ ਹਾਂ ਕਿ ਕੇਂਦਰ ਦੀ ਜ਼ਾਲਮ ਸਰਕਾਰ ਅਤੇ ਇਸ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਇੱਕਜੁਟਤਾ ਨਾਲ ਖੜੇ ਹੋਈਏ।“
ਸ੍ਰੀ ਸਿੰਗਲਾ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਕੇਂਦਰ ਦੀ ਜਾਬਰ ਸਰਕਾਰ ਅਤੇ ਇਸ ਦੀਆਂ ਮਾਰੂ ਨੀਤੀਆਂ ਵਿਰੁੱਧ ਅਤੇ ਕਿਸਾਨੀ ਭਾਈਚਾਰੇ ਨਾਲ ਇੱਕਜੁਟਤਾ ਨਾਲ ਖੜੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਇਸ ਨਾਲ ਜੁੜੇ ਵਰਗਾਂ ਵਿਚ ਆਪਸੀ ਫੁੱਟ ਪਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਪਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦਿਨੋ-ਦਿਨ ਸਿਖ਼ਰਾਂ ਵੱਲ ਜਾ ਰਿਹਾ ਹੈ ਅਤੇ ਇਹ ਵਿਰੋਧ ਕਿਸਾਨਾਂ ਦੇ ਬਣਦੇ ਹੱਕ ਮਿਲਣ ਉਪਰੰਤ ਹੀ ਖ਼ਤਮ ਹੋਵੇਗਾ।
ਪੰਜਾਬ ਦੇ ਆੜਤੀਆਂ ‘ਤੇ ਆਮਦਨ ਕਰ ਵਿਭਾਗ ਦੀਆਂ ਛਾਪੇਮਾਰੀਆਂ ਨੂੰ ਕੋਝੀਆਂ ਚਾਲਾਂ ਦੱਸਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਆੜਤੀ ਭਾਈਚਾਰੇ ਵੱਲੋਂ ਕਿਸਾਨਾਂ ਨੂੰ ਪੂਰਣ ਸਮਰਥਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੇ ਵਿਰੋਧ ਨੂੰ ਕਮਜ਼ੋਰ ਕਰਨ ਲਈ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਗ਼ੈਰ ਕਾਨੂੰਨੀ ਢੰਗ ਤਰੀਕੇ ਅਪਣਾਉਂਦਿਆਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਅੱਗੇ ਕਿਹਾ, ‘‘ਭਾਜਪਾ ਆਗੂ ਆੜਤੀਆਂ ਅਤੇ ਕਿਸਾਨਾਂ ਦੇ ਪੀੜੀ-ਦਰ-ਪੀੜੀ ਚੱਲੇ ਆ ਰਹੇ ਰਿਸ਼ਤਿਆਂ ਨੂੰ ਖ਼ਤਮ ਕਰਨ ਵਿਚ ਸਫਲ ਨਹੀਂ ਹੋਣਗੇ।“
ਸ੍ਰੀ ਸਿੰਗਲਾ ਪਿਛਲੇ ਕਈ ਦਿਨਾਂ ਤੋਂ ਸੂਬੇ ਦੇ ਆੜਤੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਉਨਾਂ ਆੜਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਉਨਾਂ ਨਾਲ ਡਟ ਕੇ ਖੜੀ ਹੈ।

Share