ਕਿਸਾਨਾਂ ਦਾ ‘ਦਿੱਲੀ ਚੱਲੋ’ ਅੰਦੋਲਨ ਦਾ ਰਾਹ ਰੋਕਣ ਲਈ ਪੰਜਾਬ-ਹਰਿਆਣਾ ਸਰਹੱਦ ਸੀਲ

254
Share

ਖੱਟਰ ਸਰਕਾਰ ਵੱਲੋਂ ਹਰਿਆਣਾ ‘ਚ ਕਿਸਾਨ ਆਗੂਆਂ ਦੀ ਫੜੋ-ਫੜੀ ਸ਼ੁਰੂ
ਹਰਿਆਣਾ ਪੁਲਿਸ ਵੱਲੋਂ ਪੰਜਾਬ ਸਰਹੱਦ ਨਾਲ ਲੱਗਦੇ 6 ਜ਼ਿਲ੍ਹਿਆਂ ‘ਚ ਪੁਲਿਸ ਕੀਤੀ ਤਾਇਨਾਤ

ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਹਰਿਆਣਾ ਸਰਕਾਰ ਨੇ ਕਿਸਾਨਾਂ ਦੇ 26-27 ਨਵੰਬਰ ਦੇ ‘ਦਿੱਲੀ ਚੱਲੋ’ ਅੰਦੋਲਨ ਦਾ ਰਾਹ ਰੋਕਣ ਲਈ ਪੰਜਾਬ-ਹਰਿਆਣਾ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਪਰ ਉਧਰ ਕਿਸਾਨ ਵੀ ਦਿੱਲੀ ਪੁੱਜਣ ਲਈ ਬਜ਼ਿੱਦ ਹਨ। ਵੱਖ-ਵੱਖ ਪਿੰਡਾਂ ‘ਚੋਂ ਜਥੇ ਬਣਾ ਕੇ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰ ਦਿੱਤਾ ਹੈ। ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ 26 ਅਤੇ 27 ਨਵੰਬਰ ਨੂੰ ਪੰਜਾਬ ਨਾਲ ਲਗਦੀਆਂ ਸੂਬੇ ਦੀਆਂ ਸਰਹੱਦਾਂ ਸੀਲ ਰਹਿਣਗੀਆਂ।
ਹਰਿਆਣਾ ਪੁਲਿਸ ਨੇ ਤਿੰਨ ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਖਨੌਰੀ ਸਰਹੱਦ ‘ਤੇ ਹੀ ਰੋਕ ਦਿੱਤਾ। ਖੱਟਰ ਸਰਕਾਰ ਨੇ ਹਰਿਆਣਾ ਵਿਚ ਕਿਸਾਨ ਆਗੂਆਂ ਦੀ ਫੜੋ-ਫੜੀ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਹਰਿਆਣਾ ਕਿਸਾਨ ਮੰਚ, ਅਕਲਾਨਾ ਕਿਸਾਨ ਯੂਨੀਅਨ, ਅਖਿਲ ਭਾਰਤੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਅਤੇ ਖੇਤੀ ਬਚਾਓ ਸੰਘਰਸ਼ ਕਮੇਟੀ ਦੇ ਕਰੀਬ ਤਿੰਨ ਦਰਜਨ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮੁੱਖ ਮੰਤਰੀ ਖੱਟਰ ਨੇ ਕਿਸਾਨਾਂ ਨੂੰ ‘ਦਿੱਲੀ ਚੱਲੋ’ ਅਪੀਲ ਦੇ ਆਪਣੇ ਪ੍ਰਸਤਾਵ ਨੂੰ ਰਾਜਹਿੱਤ ਵਿਚ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹਨ ਤੇ ਸੂਬੇ ਵਿਚ ਮੰਡੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਮੌਜੂਦਾ ਦੀ ਤਰ੍ਹਾਂ ਭਵਿੱਖ ਵਿਚ ਵੀ ਜਾਰੀ ਰਹੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹਰਿਆਣਾ ਜਾਂ ਦਿੱਲੀ ਜਾਣ ਦੇ ਪ੍ਰਸਾਤਵਿਤ ਯੋਜਨਾ ‘ਤੇ ਮੁੜ ਗੌਰ ਕਰਨ, ਭਾਵ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਹਰਿਆਣਾ ਅਤੇ ਹਰਿਆਣਾ ਵਿਚੋਂ ਹੋ ਕੇ ਦਿੱਲੀ ਜਾਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਹੋਵੇ। ਹਰਿਆਣਾ ਪੁਲਿਸ ਨੇ ਵੀ ਜਨਤਾ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਦੋ ਦਿਨਾਂ ‘ਚ ਇਨਾਂ ਮਾਰਗਾਂ ‘ਤੇ ਸਫਰ ਦੀ ਯੋਜਨਾ ਨੂੰ ਮੁਲਤਵੀ ਕਰ ਦੇਣ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੇ ਕਿਸਾਨਾਂ ਲਈ ਸਰਹੱਦ ਸੀਲ ਕਰਕੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਮਾਰਗਾਂ ਨੂੰ ਬਲਾਕ ਕਰਨਗੇ ਅਤੇ ਸੜਕਾਂ ‘ਤੇ ਹੀ ਧਰਨਾ ਸ਼ੁਰੂ ਕਰ ਦੇਣਗੇ।
ਉਧਰ ਪੰਜਾਬ ‘ਚ 2 ਮਹੀਨਿਆਂ ਬਾਅਦ ਰੇਲ ਆਵਾਜਾਈ ਬਹਾਲ ਹੋਣ ਨੂੰ ਸੁਲ੍ਹਾ ਦਾ ਸ਼ੁੱਭ ਸੰਕੇਤ ਮੰਨਦਿਆਂ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੂੰ 3 ਦਸੰਬਰ ਨੂੰ ਮੰਤਰਾਲਾ ਪੱਧਰ ਦੀ ਦੂਜੇ ਗੇੜ ਦੀ ਗੱਲਬਾਤ ਦਾ ਸੱਦਾ ਦਿੱਤਾ ਹੈ। ਦੂਜੇ ਗੇੜ 26-27 ਨਵੰਬਰ ਨੂੰ ‘ਦਿੱਲੀ ਚਲੋ’ ਦੇ ਰਾਸ਼ਟਰ ਵਿਆਪੀ ਪ੍ਰੋਗਰਾਮ ‘ਚ ਰੁੱਝੀਆਂ ਕਿਸਾਨ ਜਥੇਬੰਦੀਆਂ ਨੇ ਫਿਲਫਾਲ ਇਸ ਸੱਦੇ ਨੂੰ ਸ਼ਰਤਾਂ ਦੇ ਦਾਇਰੇ ‘ਚ ਬੋਲਦਿਆਂ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਸਿਧਾਂਤਕ ਤੌਰ ‘ਤੇ ਕਦੇ ਵੀ ਗੱਲਬਾਤ ਦੇ ਖ਼ਿਲਾਫ਼ ਨਹੀਂ ਹਨ ਪਰ ਕੇਂਦਰ ਸਰਕਾਰ ਨੂੰ ਇਸ ਲਈ ਮਾਹੌਲ ਬਣਾਉਣਾ ਪਵੇਗਾ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੇਤਾ ਡਾ: ਦਰਸ਼ਨ ਪਾਲ ਜੋ ਕਿ ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ (ਏ.ਆਈ.ਕੇ.ਐੱਸ.ਸੀ.ਸੀ.) ਦੇ ਬੈਨਰ ਹੇਠ ਇਕੱਠੀਆਂ ਹੋਈਆਂ ਕਈ ਕਿਸਾਨ ਜਥੇਬੰਦੀਆਂ ਦੇ ਨਾਲ ਸ਼ਾਮਿਲ ਹਨ, ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਹੈ, ਦੂਜੇ ਪਾਸੇ ਹਰਿਆਣਾ ‘ਚ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ‘ਚ ਦਾਖ਼ਲ ਨਾ ਹੋਣ ਦੇਣ ਦੇ ਸਭ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ 26-27 ਨਵੰਬਰ ਨੂੰ ਅਪਣਾਏ ਜਾਣ ਵਾਲੇ ਰੁਖ਼ ਤੋਂ ਬਾਅਦ ਹੀ ਗੱਲਬਾਤ ਬਾਰੇ ਫ਼ੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਬੀ.ਕੇ.ਯੂ. (ਡਕੌਂਦਾ) ਦੇ ਆਗੂ ਜਗਮੋਹਨ ਸਿੰਘ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਗੱਲਬਾਤ ਲਈ ਸਰਕਾਰ ਵਲੋਂ ਅੰਦੋਲਨ ਵਾਪਸ ਲੈਣ ਦੀ ਸ਼ਰਤ ਰੱਖੀ ਜਾਂਦੀ ਹੈ, ਤਾਂ ਉਹ ਕਿਸੇ ਵੀ ਸੂਰਤ ‘ਚ ਪ੍ਰਵਾਨ ਨਹੀਂ ਕੀਤੀ ਜਾਵੇਗੀ। ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਹਰਿਆਣਾ ਵਿਚੋਂ ਲੰਘ ਕੇ ਅੱਗੇ ਦਿੱਲੀ ਜਾਣਗੇ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਲਾਂਘਾ ਨਾ ਦੇਣ ਦੀ ਇਸ ਕਾਰਵਾਈ ਨੂੰ ਗੈਰ-ਜਮਹੂਰੀ ਕਰਾਰ ਦਿੰਦਿਆਂ ਕਿਹਾ ਕਿ ਸਾਫ਼ ਹੈ ਕਿ ਕੇਂਦਰ ਸਰਕਾਰ ਟਕਰਾਓ ਦੇ ਰਾਹ ਪੈ ਗਈ ਹੈ। ਸੂਤਰਾਂ ਅਨੁਸਾਰ ਪੰਜਾਬ ਭਰ ‘ਚੋਂ ਕਰੀਬ ਤਿੰਨ ਲੱਖ ਕਿਸਾਨਾਂ ਨੇ 26-27 ਨਵੰਬਰ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਮਰ ਕੱਸੀ ਹੋਈ ਹੈ।
ਕੇਂਦਰ ਸਰਕਾਰ ਦੇ ਕਿਸਾਨ ਜਥੇਬੰਦੀਆਂ ਨਾਲ ਦੂਜੇ ਗੇੜ ਦੀ ਗੱਲਬਾਤ ਦੇ ਸੱਦੇ ਬਾਰੇ ਜਾਣਕਾਰੀ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਰਾਹੀਂ ਦਿੱਤੀ, ਹਾਲਾਂਕਿ ਸਾਂਪਲਾ ਦੇ ਟਵੀਟ ਕਰਨ ਤੱਕ ਕਈ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਹੈ। ਬਾਅਦ ‘ਚ ਖੇਤੀਬਾੜੀ ਸਕੱਤਰ ਸੁਧਾਂਸ਼ੂ ਪਾਂਡੇ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕਿਸਾਨੀ ਸਮੱਸਿਆਵਾਂ ਦੇ ਮੱਦੇਨਜ਼ਰ 13 ਨਵੰਬਰ ਨੂੰ ਦਿੱਲੀ ਵਿਖੇ ਕੀਤੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਚਰਚਾ ਨੂੰ ਅੱਗੇ ਜਾਰੀ ਰੱਖਣ ਲਈ ਕਿਸਾਨ ਆਗੂਆਂ ਨੂੰ ਮੁੜ 3 ਦਸੰਬਰ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਪਹੁੰਚਣ ਲਈ ਕਿਹਾ ਗਿਆ। ਇਸ ਮੀਟਿੰਗ ‘ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ ਵੀ ਇਸ ‘ਚ ਸ਼ਾਮਿਲ ਹੋਣਗੇ। ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੀਟਿੰਗ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਇਸ ਤੋਂ ਪਹਿਲਾਂ 13 ਨਵੰਬਰ ਨੂੰ ਸੱਦੀ ਗਈ ਪਹਿਲੇ ਗੇੜ ਦੀ ਗੱਲਬਾਤ ਬੇਸਿੱਟਾ ਰਹੀ ਸੀ, ਜਿਸ ਮੀਟਿੰਗ ‘ਚ ਖੇਤੀਬਾੜੀ ਮੰਤਰੀ ਦੇ ਸ਼ਾਮਿਲ ਹੋਣ ਦੇ ਰੋਸ ਵਜੋਂ ਕਿਸਾਨ ਆਗੂ ਮੀਟਿੰਗ ‘ਚੋਂ ਬਾਹਰ ਆ ਗਏ ਸਨ। ਕਿਸਾਨ ਆਗੂ ਇਸ ਸਬੰਧ ‘ਚ ਕੋਈ ਵੀ ਫ਼ੈਸਲਾ 26-27 ਨਵੰਬਰ ਦੇ ਦਿੱਲੀ ਅੰਦੋਲਨ ਤੋਂ ਬਾਅਦ ਆਪਸ ‘ਚ ਮੀਟਿੰਗ ਕਰਨ ਤੋਂ ਬਾਅਦ ਹੀ ਲੈਣਗੇ।
ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ : ਦਿੱਲੀ ਪੁਲਿਸ
ਨਵੀਂ ਦਿੱਲੀ, (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਫੈਲਣ ਨੂੰ ਰੋਕਣ ਲਈ ਦਿੱਲੀ ‘ਚ ਇੱਕਠੇ ਹੋਣ ਵਾਲੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ (ਏ.ਆਈ.ਕੇ.ਐੱਸ.ਸੀ.ਸੀ.) ਅਤੇ ਹੋਰ ਕਿਸਾਨ ਯੂਨੀਅਨਾਂ ਦੇ ‘ਦਿੱਲੀ ਚੱਲੋ’ ਮਾਰਚ ਦੇ ਸੱਦੇ ‘ਤੇ 26 ਨਵੰਬਰ ਨੂੰ ਦਿੱਲੀ ਜਾਣ ਵਾਲੇ 5 ਮਾਰਗਾਂ ਰਾਹੀਂ ਸ਼ਹਿਰ ਪੁੱਜ ਰਹੇ ਹਨ, ਜਦਕਿ ਪੁਲਿਸ ਵਲੋਂ ਟਵਿੱਟਰ ਜਰੀਏ ਜਾਣਕਾਰੀ ਦਿੱਤੀ ਗਈ ਹੈ ਕਿ ਰਾਸ਼ਟਰ ਰਾਜਧਾਨੀ ‘ਚ ਇੱਕਠੇ ਹੋਣ ਦੀ ਇਜ਼ਾਜਤ ਨਹੀਂ ਹੈ।


Share