ਕਿਸਾਨਾਂ ਦਾ ਕਰਜ਼ਾ ਮੁਆਫੀ ਦਾ ਮਾਮਲਾ ਕੈਪਟਨ ਸਰਕਾਰ ਨੇ ਲਟਕਾਇਆ

ਚੰਡੀਗੜ੍ਹ, 18 ਜੂਨ (ਪੰਜਾਬ ਮੇਲ) – ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਅਜੇ ਮੁਆਫ ਹੁੰਦਾ ਦਿਖਾਈ ਨਹੀਂ ਦੇ ਰਿਹਾ। ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਇਸੇ ਸੈਸ਼ਨ ਵਿੱਚ ਹੀ ਕਰਜ਼ ਮੁਆਫੀ ਬਾਰੇ ਫੈਸਲਾ ਲਿਆ ਜਾਏਗਾ ਪਰ ਇਸ ਵਿੱਚ ਸੱਚਾਈ ਨਹੀਂ ਜਾਪਦੀ।
ਸਰਕਾਰੀ ਦਾਅਵਿਆਂ ਦੀ ਫੂਕ ਇਸ ਗੱਲ ਤੋਂ ਨਿਗਲ ਗਈ ਹੈ ਕਿ ਪੰਜਾਬ ਸਰਕਾਰ ਨੇ ਕਿਸਾਨੀ ਕਰਜ਼ਾ ਮੁਆਫੀ ਲਈ ਖੇਤੀ ਮਾਹਿਰ ਡਾ. ਟੀ. ਹੱਕ ਦੀ ਅਗਵਾਈ ਹੇਠ ਬਣਾਈ ਕਮੇਟੀ ਦੀ ਮਿਆਦ ਦੋ ਮਹੀਨਿਆਂ ਲਈ ਹੋਰ ਵਧਾ ਦਿੱਤੀ ਹੈ। ਇਸ ਵਾਧੇ ਤੋਂ ਸਾਫ਼ ਹੈ ਕਿ ਕਰਜ਼ਾ ਮੁਆਫੀ ਰਿਪੋਰਟ ਤੇ ਸਿਫਾਰਸ਼ਾਂ ਦੇਣ ਦਾ ਕੰਮ ਅਜੇ ਤਕ ਸਿਰੇ ਨਹੀਂ ਚੜ੍ਹ ਸਕਿਆ। ਇਸ ਨੂੰ ਦੋ ਮਹੀਨੇ ਹੋਰ ਲੱਗਣਗੇ। ਅਜਿਹੇ ਵਿੱਚ ਬਜਟ ਇਜਲਾਸ ਵਿੱਚ ਕਰਜ਼ਾ ਮੁਆਫੀ ਨਹੀਂ ਹੋਏਗੀ।
ਕਾਬਲੇਗੌਰ ਹੈ ਕਿ ਕਰਜ਼ਾ ਮੁਆਫੀ ਦਾ ਸਵਾਲ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਅਹਿਮ ਮੁੱਦਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਰੌਲਾ-ਰੱਪਾ ਪੈ ਰਿਹਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਸਰਕਾਰ ਨੇ ਕਰਜ਼ਾ ਮੁਆਫੀ ਬਾਰੇ ਪੂਰੀ ਰਿਪੋਰਟ ਤਿਆਰ ਨਾ ਹੋਣ ਕਾਰਨ ਕਮੇਟੀ ਦੀ ਮਿਆਦ ਦੋ ਹੋਰ ਮਹੀਨਿਆਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਇਸ ਦੀ ਪ੍ਰਵਾਨਗੀ ਦੇ ਦਿਤੀ ਹੈ। ਕਮੇਟੀ ਨੇ ਪਹਿਲਾਂ ਜੂਨ ਦੇ ਪਹਿਲੇ ਹਫਤੇ ਵਿੱਚ ਰਿਪੋਰਟ ਦੇਣੀ ਸੀ ਪਰ ਕਮੇਟੀ ਨੂੰ ਕਰਜ਼ੇ ਦੇ ਬੋਝ ਹੇਠ ਦੱਬੀ ਕਿਸਾਨੀ ਦੇ ਪੂਰੇ ਅੰਕੜੇ ਨਹੀਂ ਮਿਲ ਸਕੇ ਜਿਸ ਕਾਰਨ ਕੰਮ ਕੁਝ ਲਟਕ ਗਿਆ। ਡਾ. ਹੱਕ ਦੀ ਅਗਵਾਈ ਵਾਲੀ ਕਮੇਟੀ ਨੇ ਇੱਕ ਦਿਨ ਪਹਿਲਾਂ ਕਿਸਾਨ ਆਗੂਆਂ ਤੇ ਫਿਰ ਬੈਂਕਰਜ਼ ਕਮੇਟੀ ਨਾਲ ਵਿਚਾਰ-ਵਟਾਂਦਰਾ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਲੰਬੀ ਮੀਟਿੰਗ ਕੀਤੀ।