ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 5ਵੇਂ ਦੌਰ ਦੀ ਮੀਟਿੰਗ ਵੀ ਰਹੀ ਬੇਨਤੀਜਾ

98
Share

ਨਵੀਂ ਦਿੱਲੀ/ਚੰਡੀਗੜ੍ਹ, 5 ਦਸੰਬਰ (ਪੰਜਾਬ ਮੇਲ)- ਕਿਸਾਨ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਯਾਨੀ ਕਿ ਸ਼ਨੀਵਾਰ ਨੂੰ 5ਵੇਂ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ। 4 ਘੰਟੇ ਦੇ ਕਰੀਬ ਚੱਲਣ ਤੋਂ ਬਾਅਦ ਮੀਟਿੰਗ ਖਤਮ ਹੋ ਗਈ। ਸਰਕਾਰ ਵਲੋਂ ਕਿਸਾਨਾਂ ਨਾਲ ਇਕ ਹੋਰ ਮੀਟਿੰਗ ਸੱਦੀ ਗਈ ਹੈ, ਜੋ ਕਿ 9 ਦਸੰਬਰ ਨੂੰ ਹੋਵੇਗੀ। ਸਰਕਾਰ ਤੇ ਕਿਸਾਨਾਂ ਵਿਚਾਲੇ 9 ਦਸੰਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ‘ਚ ਖੇਤੀ ਕਾਨੂੰਨਾਂ ‘ਤੇ ਸਪੱਸ਼ਟ ਫੈਸਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 5ਵੇਂ ਦੌਰ ਦੀ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦਾ ਹੈ, ਨਾ ਕਿ ਕਿਸਾਨਾਂ ਨੂੰ ਪਰ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ।
ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ‘ਤੇ ਅੜੀਆਂ ਹੋਈਆਂ ਹਨ। ਉਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਉਹ ਕਾਨੂੰਨਾਂ ‘ਚ ਸੋਧ ਲਈ ਤਿਆਰ ਹੈ ਪਰ ਰੱਦ ਕਰਨਾ ਅਸੰਭਵ ਹੈ। ਹਾਲਾਂਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਅੜਿੱਕਾ ਬਰਕਰਾਰ ਹੈ ਅਤੇ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਾਉਣ ‘ਤੇ ਅੜੀਆਂ ਹੋਈਆਂ ਹਨ।
ਦੱਸਣਯੋਗ ਹੈ ਕਿ ਇਹ ਮੀਟਿੰਗ ਦਿੱਲੀ ਸਥਿਤ ਵਿਗਿਆਨ ਭਵਨ ‘ਚ ਕੀਤੀ ਗਈ, ਜਿਥੇ ਅੱਜ ਵੀ ਕਿਸਾਨਾਂ ਵਲੋਂ ਸਰਕਾਰੀ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਲਈ ਦੁਪਹਿਰ ਦਾ ਭੋਜਨ ਲੰਗਰ ਦੇ ਰੂਪ ‘ਚ ਅੱਜ ਵੀ ਗੁਰੂ ਘਰ ਤੋਂ ਆਇਆ।


Share