ਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖੀਰ ਤੱਕ ਲੜਦੀ ਰਹਾਂਗੀ: ਨੌਦੀਪ ਕੌਰ

70
ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਨੌਦੀਪ ਕੌਰ (ਸੱਜੇ) ਅਤੇ ਉਸ ਦੀ ਭੈਣ ਰਾਜਬੀਰ ਕੌਰ।
Share

ਹਰਿਆਣਾ ਪੁਲਿਸ ’ਤੇ ਕੁੱਟਮਾਰ ਦੇ ਦੋਸ਼ ਲਾਏ
ਨਵੀਂ ਦਿੱਲੀ, 27 ਫਰਵਰੀ (ਪੰਜਾਬ ਮੇਲ)- ਹਰਿਆਣਾ ਪੁਲਿਸ ਵੱਲੋਂ ਗਿ੍ਰਫ਼ਤਾਰ ਮਜ਼ਦੂਰ ਆਗੂ ਤੇ ਕਾਰਕੁਨ ਨੌਦੀਪ ਕੌਰ ਜ਼ਮਾਨਤ ਮਿਲਣ ਬਾਅਦ ਅੱਜ ਇੱਥੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਪੁੱਜੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖ਼ੀਰ ਤੱਕ ਲੜਦੀ ਰਹੇਗੀ। ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ ਬਲਕਿ ਛੋਟੇ ਕਿਸਾਨਾਂ, ਕਾਮਿਆਂ ਤੇ ਆਮ ਲੋਕਾਂ ਦਾ ਵੀ ਹੈ। ਇਸ ਅੰਦੋਲਨ ’ਚ ਸ਼ਾਮਲ ਹਰ ਵਿਅਕਤੀ ਸਰਕਾਰ ਦੀ ਰਾਜਨੀਤੀ ਤੋਂ ਅੱਕ ਚੁੱਕਾ ਹੈ, ਇਹ ਉਨ੍ਹਾਂ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨਾਲ ਟਕਰਾਅ ਹੋਇਆ ਤਾਂ ਪੁਲਿਸ ਨੇ ਸ਼ਿਵ ਕੁਮਾਰ ਤੇ ਉਸ (ਨੌਦੀਪ ਕੌਰ) ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ। ਨੌਦੀਪ ਨੇ ਦੋਸ਼ ਲਾਇਆ ਕਿ ਉਸ ਦੀ ਗਿ੍ਰਫ਼ਤਾਰੀ ਸਮੇਂ ਪੁਲਿਸ ਅਧਿਕਾਰੀ ਉਸ ਨੂੰ ਸੁੰਨਸਾਨ ਇਲਾਕੇ ’ਚ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਪੁਲਿਸ ਸਟੇਸ਼ਨ ਤੱਕ ਲਿਜਾਣ ਸਮੇਂ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਵਾਲਾਂ ਤੋਂ ਖਿੱਚਿਆ ਤੇ ਪੁਰਸ਼ ਪੁਲਿਸ ਅਧਿਕਾਰੀਆਂ ਨੇ ਕਥਿਤ ਕੁੱਟਮਾਰ ਦੌਰਾਨ ਉਸ ਦੇ ਗੁਪਤ ਅੰਗਾਂ ’ਤੇ ਸੱਟਾਂ ਮਾਰੀਆਂ। ਨੌਦੀਪ ਕੌਰ ਨੇ ਆਪਣੇ ਉਪਰ ਲੱਗੇ ਜਬਰਨ ਵਸੂਲੀ ਤੇ ਹੋਰ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਇਹ ਮਜ਼ਦੂਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਸ਼ਿਵ ਕੁਮਾਰ ਦੀ ਰਿਹਾਈ ਲਈ ਵੀ ਆਵਾਜ਼ ਉਠਾਉਣ ਦੀ ਮੰਗ ਕੀਤੀ। ਉਸ ਦੀ ਭੈਣ ਰਾਜਬੀਰ ਕੌਰ ਨੇ ਸਵਾਲ ਕੀਤਾ ਕਿ ਮਜ਼ਦੂਰਾਂ ਵੱਲੋਂ ਬਣਾਈ ਗਈ ਸੰਸਥਾ ਰਾਹੀਂ ਕੀ ਕੋਈ ਜਬਰ ਵਸੂਲੀ ਕਰ ਸਕਦਾ ਹੈ? ਉਸ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਖ਼ਿਲਾਫ਼ ਸਿਸਟਮ ਵੀ ਪੱਖਪਾਤੀ ਹੈ।

Share