ਕਿਮ ਜੋਂਗ ਟਰੰਪ ਨਾਲ ਇਤਿਹਾਸਕ ਮੁਲਾਕਾਤ ਕਰਨ ਲਈ ਸਿੰਗਾਪੁਰ ਪੁੱਜੇ

ਸਿੰਗਾਪੁਰ, 10 ਜੂਨ (ਪੰਜਾਬ ਮੇਲ)- ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ 12 ਜੂਨ ਨੂੰ ਸਿੰਗਾਪੁਰ ‘ਚ ਹੋਵੇਗੀ। ਇਹ ਪਹਿਲਾ ਮੌਕਾ ਹੈ ਜਦ ਉੱਤਰੀ ਕੋਰੀਆ ਦਾ ਕੋਈ ਨੇਤਾ ਅਮਰੀਕੀ ਰਾਸ਼ਟਰਪਤੀ ਨੂੰ ਮਿਲੇਗਾ। ਤਾਜਾ ਜਾਣਕਾਰੀ ਮੁਤਾਬਕ ਕਿਮ ਸਿੰਗਾਪੁਰ ਪੁੱਜ ਚੁੱਕੇ ਹਨ। ਬੋਇੰਗ 747 ਫਲਾਈਟ ਰਾਹੀਂ ਉਹ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ‘ਤੇ ਪੁੱਜ ਗਏ ਹਨ। ਕਿਮ ਅਤੇ ਉਨ੍ਹਾਂ ਦਾ ਵਫਦ ਸਿੰਗਾਪੁਰ ਦੇ ਸਥਾਨਕ ਸਮੇਂ ਮੁਤਾਬਕ ਐਤਵਾਰ ਸ਼ਾਮ 3.40 ਵਜੇ ਪੁੱਜੇ, ਜਿੱਥੇ ਉਨ੍ਹਾਂ ਦਾ ਸਵਾਗਤ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਆਨ ਬਾਲਕ੍ਰਿਸ਼ਣ ਨੇ ਕੀਤਾ। ਇਸ ਦੌਰਾਨ ਪੁਲਸ ਦੀਆਂ ਕਈ ਕਾਰਾਂ ਅਤੇ ਹਸਪਤਾਲ ਦੀਆਂ ਗੱਡੀਆਂ ਦੇਖੀਆਂ ਗਈਆਂ। ਦੋ ਚਿੱਟੀਆਂ ਕਾਰਾਂ, ਜਿਨ੍ਹਾਂ ‘ਤੇ ਉੱਤਰੀ ਕੋਰੀਆ ਦੇ ਝੰਡੇ ਲੱਗੇ ਸਨ, ਅੱਗੇ ਜਾ ਰਹੀਆਂ ਸਨ। ਤੁਹਾਨੂੰ ਦੱਸ ਦਈਏ ਕਿ ਕਿਮ ਜੋਂਗ ਉਨ 6 ਸਾਲਾਂ ‘ਚ ਕਿਸੇ ਦੇਸ਼ ਦੀ ਯਾਤਰਾ ਲਈ ਨਹੀਂ ਗਏ ਪਰ ਹੁਣ ਚਾਰ ਮਹੀਨਿਆਂ ‘ਚ ਇਹ ਉਨ੍ਹਾਂ ਦੀ ਤੀਸਰੀ ਵਿਦੇਸ਼ ਯਾਤਰਾ ਹੈ।
ਸਿੰਗਾਪੁਰ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਐਤਵਾਰ ਰਾਤ ਸਮੇਂ ਕਿਮ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਦੀ ਮੁਲਾਕਾਤ ਹੋਵੇਗੀ। ਵ੍ਹਾਈਟ ਹਾਊਸ ਦੇ ਸੂਤਰਾਂ ਮੁਤਾਬਕ ਜੀ-7 ਸੰਮੇਲਨ ‘ਚ ਹਿੱਸਾ ਲੈਣ ਮਗਰੋਂ ਅਮਰੀਕੀ ਰਾਸ਼ਟਰਪਤੀ ਸਿੱਧੇ ਸਿੰਗਾਪੁਰ ਲਈ ਰਵਾਨਾ ਹੋ ਗਏ ਸਨ ਅਤੇ ਉਹ ਸਿੰਗਾਪੁਰ ‘ਚ ਰਾਤ 8.30 ਵਜੇ ਤਕ ਪੁੱਜ ਜਾਣਗੇ। ਉਹ ਸੋਮਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਸਾਰੀ ਦੁਨੀਆ ਦੀਆਂ ਨਜ਼ਰਾਂ ਟਰੰਪ ਅਤੇ ਕਿਮ ਦੀ ਮੁਲਾਕਾਤ ‘ਤੇ ਟਿਕੀਆਂ ਹਨ ਅਤੇ ਹਰ ਕੋਈ ਇਸ ਇਤਿਹਾਸਕ ਮੁਲਾਕਾਤ ਲਈ ਉਤਸੁਕ ਹੈ।ਕਿਮ ਅਤੇ ਟਰੰਪ ਦੀ ਮੀਟਿੰਗ ਲਗਜ਼ਰੀ ਕੈਪੇਲਾ ਹੋਟਲ ‘ਚ ਹੋਣੀ ਹੈ, ਜੋ ਸੈਨਟੋਸਾ ਟਾਪੂ ‘ਤੇ ਸਥਿਤ ਹੈ।