ਕਾਲਾ ਧਨ ਮਾਮਲਾ : ਸਵਿਸ ਬੈਂਕ ਨੇ 50 ਹੋਰ ਭਾਰਤੀਆਂ ਦੇ ਨਾਂ ਦਾ ਖੁਲਾਸਾ ਕੀਤਾ

ਨਵੀਂ ਦਿੱਲੀ, 17 ਜੂਨ (ਪੰਜਾਬ ਮੇਲ)- ਕਾਲੇ ਧਨ ਦੇ ਖ਼ਿਲਾਫ਼ ਕਾਰਵਾਈ ਦੀ ਦਿਸ਼ਾ ਵਿਚ ਸਵਿਸ ਬੈਂਕ ਖਾਤਾਧਾਰਕਾਂ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚ 50 ਭਾਰਤੀ ਵੀ ਸ਼ਾਮਲ ਹਨ। ਸਵਿਸ ਸਰਕਾਰ ਦੇ ਅਧਿਕਾਰੀਆਂ ਨੇ ਇਨ੍ਹਾਂ ਖਾਤਿਆਂ ਦੀ ਜਾਣਕਾਰੀ ਭਾਰਤ ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਵਿਸ ਸਰਕਾਰ ਨਾਲ ਹੋਏ ਸਮਝੌਤੇ ਮੁਤਾਬਕ ਉਹ ਭਾਰਤ ਨੂੰ ਇਸ ਗੱਲ ਦੀ ਜਾਣਕਾਰੀ ਦੇਵੇਗਾ ਕਿ ਉਸ ਦੇ ਇੱਥੇ ਕਿਸ ਦਾ ਕਿੰਨਾ ਕਿੰਨਾ ਪੈਸਾ ਜਮ੍ਹਾਂ ਹੈ। ਸਵਿਸ ਅਧਿਕਾਰੀਆਂ ਨੇ ਕਿਹਾ ਕਿ ਕੁਝ ਸਾਲਾਂ ਤੋਂ ਉਹ ਕਾਲੇ ਧਨ ਦੀ ਪਨਾਹਗਾਹ ਵਾਲੇ ਅਕਸ ਨੂੰ ਸੁਧਾਰਨ ਦੇ ਲਈ ਕੰਮ ਕਰ ਰਹੇ ਹਨ। ਇਸ ਦੇ ਤਹਿਤ ਇਨ੍ਹਾਂ ਖਾਤਾਧਾਰਕਾਂ ਦੀ ਜਾਣਕਾਰੀ ਸਾਂਝਾ ਕੀਤੀ ਜਾ ਰਹੀ ਹੈ। ਇਸ ਤਹਿਤ ਕੁਝ ਨਾਵਾਂ ਨੂੰ ਵੀ ਸਾਂਝਾ ਕੀਤਾ ਗਿਆ ਹੈ। ਜਿਹੜੇ ਲੋਕਾਂ ਦੇ ਸਵਿਸ ਬੈਂਕ ਵਿਚ ਖਾਤੇ ਹਨ ਉਨ੍ਹਾਂ ਵਿਚ ਰਿਅਲ ਅਸਟੇਟ, ਵਿੱਤੀ ਸੇਵਾ, ਆਈਟੀ, ਟੈਲੀਕਾਮ ਸੈਕਟਰ, ਕੱਪੜਾ ਇੰਜੀਨੀਅਰਿੰਗ ਸਮਾਨ ਅਤੇ ਗਹਿਣਿਆਂ ਦੇ ਕਾਰੋਬਾਰ ਨਾਲ ਜੁੜੇ ਲੋਕ ਹਨ। ਹਾਲਾਂਕਿ ਇਨ੍ਹਾਂ ਵਿਚ ਕੁਝ ਡਮੀ ਕੰਪਨੀਆਂ ਵੀ ਹਨ। ਇਨ੍ਹਾ ਵਿਚੋਂ ਜ਼ਿਆਦਾਤਰ ਲੋਕ ਜਾਂ ਕੰਪਨੀਆਂ ਕੋਲਕਾਤਾ, ਗੁਜਰਾਤ, ਮੁੰਬਈ, ਦਿੱਲੀ ਅਤੇ ਮੁੰਬਈ ਦੇ ਹਨ। ਕੁਝ ਨਾਂ ਪਨਾਮਾ ਦੀ ਸੂਚੀ ਵਿਚ ਸੀ, ਕੁਝ ਦੇ ਖ਼ਿਲਾਫ਼ ਇਨਕਮ ਟੈਕਸ ਅਤੇ ਈਡੀ ਦੇ ਮਾਮਲੇ ਦਰਜ ਹਨ। ਸਵਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ ਤੋਂ ਹੁਣ ਤੱਕ ਕਰੀਬ 50 ਭਾਰਤੀ ਖਾਤਾਧਾਰਕਾਂ ਨੂੰ ਨੋਟਿਸ ਦੇ ਕੇ ਜਾਣਕਾਰੀ ਭਾਰਤ ਨੂੰ ਸੌਂਪਣ ਦੇ ਖ਼ਿਲਾਫ਼ ਅਪੀਲ ਦਾ ਮੌਕਾ ਵੀ ਦਿੱਤਾ ਹੈ। ਸਵਿਸ ਸਰਕਾਰ ਨੇ ਅਪਣੇ ਕਾਨੂੰਨ ਤਹਿਤ ਪੂਰੇ ਨਾਂ ਦੀ ਜਗ੍ਹਾ ਸਿਰਫ ਪਹਿਲੇ ਅੱਖਰ ਦੱਸੇ ਹਨ। ਇਸ ਵਿਚ ਕਈਆਂ ਦੇ ਪੂਰੇ ਨਾਂ ਵੀ ਦੱਸੇ ਹਨ। ਇਨ੍ਹਾਂ ਵਿਚ ਕ੍ਰਿਸ਼ਣ ਭਗਵਾਨ ਰਾਮਚੰਦ, ਕਲਪੇਸ਼ ਹਰਸ਼ਦ ਕਿਮਾਰੀਵਾਲਾ, ਪੋਤਲੂਰੀ ਰਾਜਾਮੋਹਨ ਰਾਓ, ਕੁਲਦੀਪ ਸਿੰਘ ਢੀਂਗਰਾ, ਭਾਸਕਰਾਣ ਨਲਿਨੀ, ਲਲਿਤਾਬੇਨ ਚਿਮਨਭਾਈ ਪਟੇਲ, ਸੰਜੇ ਡਾਲਮੀਆ, ਪੰਕਜ ਕੁਮਾਰ ਸਰਾਵਗੀ, ਅਨਿਲ ਭਾਰਦਵਾਜ਼, ਰਤਨ ਸਿੰਘ ਆਦਿ ਸ਼ਾਮਲ ਹਨ।