ਕਾਂਗੋ ‘ਚ ਸੰਯੁਕਤ ਰਾਸ਼ਟਰ ਦੇ ਅਧੀਨ ਤਾਇਨਾਤ ਭਾਰਤੀ ਜਵਾਨਾਂ ‘ਤੇ ਬਾਗੀਆਂ ਨੇ ਕੀਤਾ ਹਮਲਾ

ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਮੇਲ)- ਅਫਰੀਕੀ ਦੇਸ਼ ਕਾਂਗੋ ‘ਚ ਸੰਯੁਕਤ ਰਾਸ਼ਟਰ ਦੇ ਅਧੀਨ ਤਾਇਨਾਤ ਭਾਰਤੀ ਜਵਾਨਾਂ ‘ਤੇ ਬਾਗੀਆਂ ਨੇ ਹਮਲਾ ਕਰ ਦਿੱਤਾ ਪਰ ਭਾਰਤੀ ਜਵਾਨਾਂ ਨੇ ਉਨ੍ਹਾਂ ਦੇ ਇਸ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ। ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗੋ ਦੇ ਉਤਰੀ ਕੀਵੂ ਪ੍ਰਾਂਤ ‘ਚ ਲੁਬੇਰੋ ਚੌਕੀ ‘ਤੇ ਕਰੀਬ 30 ਬਾਗੀਆਂ ਨੇ ਇਕ ਦਲ ‘ਤੇ ਹਮਲਾ ਕੀਤਾ ਸੀ ਪਰ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕਰਕੇ ਤਿੰਨ ਹਮਲਾਵਰਾਂ ਨੂੰ ਮੌਤ ਦੇ ਘਾਟ ਚਾੜ ਦਿੱਤਾ ਅਤੇ ਇਕ ਬਾਗੀ ਜ਼ਖਮੀ ਹੋ ਗਿਆ। ਇਸ ਹਮਲੇ ‘ਚ 2 ਭਾਰਤੀ ਜਵਾਨ ਵੀ ਜ਼ਖਮੀ ਹੋ ਗਏ।
ਬੁਲਾਰੇ ਨੇ ਦੱਸਿਆ ਕਿ ਇਹ ਹਮਲਾ ‘ਮਾਈ ਮਾਈ ਗੁਟ’ ਦੇ ਲੋਕਾਂ ਨੇ ਕੀਤਾ ਸੀ। ਇਹ ਗੁੱਟ ਹਾਲ ਹੀ ‘ਚ ਕਾਂਗੋ ਦੇ ਫੌਜੀ ਟਿਕਾਣਿਆਂ ‘ਤੇ ਹਮਲੇ ਕਰ ਰਿਹਾ ਸੀ। ਲੁਬੇਰੋ ਖੇਤਰ ਉਤਰੀ ਕੀਵੂ ਪ੍ਰਾਂਤ ਦੇ ਮੁੱਖ ਸ਼ਹਿਰ ਗੋਮਾ ਤੋਂ 300 ਕਿਲੋਮੀਟਰ ਦੂਰ ਹੈ। ਉਤਰੀ ਕੀਵੂ ਪ੍ਰਾਂਤ ‘ਚ ਦਰਜਨਾ ਪਿੰਡਾਂ ‘ਤੇ ਗੈਰ ਕਾਨੂੰਨੀ ਹਥਿਆਰਬੰਦ ਬਾਗੀਆਂ ਦਾ ਕਬਜ਼ਾ ਹੈ। ਕਾਂਗੋ ‘ਚ ਸੰਯੁਕਤ ਰਾਸ਼ਟਰ ਦਾ ਸਭ ਤੋ ਵੱਡਾ ਇਕ ਫੌਜੀ ਦਲ ਹੈ, ਜਿਸ ‘ਚ ਭਾਰਤੀ ਫੌਜੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ 2.664 ਹੈ।