ਕਾਂਗਰਸ ਨਹੀਂ ਕਰੇਗੀ ਆਵਾਜ਼-ਏ-ਪੰਜਾਬ ਨਾਲ ਗਠਜੋੜ

ਚੰਡੀਗੜ੍ਹ, 20 ਅਕਤੂਬਰ (ਪੰਜਾਬ ਮੇਲ) – ਬੀਜੇਪੀ ਨੂੰ ਅਲਵਿਦਾ ਕਹਿਣ ਵਾਲੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੇ ਫਰੰਟ ਆਵਾਜ਼-ਏ-ਪੰਜਾਬ (AAP) ਲਈ ਕਾਂਗਰਸ ਦੇ ਦਰਵਾਜ਼ੇ ਵੀ ਬੰਦ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇਹ ਸਪਸ਼ਟ ਕੀਤਾ ਕਿ ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਇਹ ਸਭ ਅਫਵਾਹਾਂ ਹਨ। ਕੈਪਟਨ ਦੇ ਹਵਾਲੇ ਨਾਲ ਅੰਗਰੇਜ਼ੀ ਅਖਬਾਰ ਨੇ ਲਿਖਿਆ ਹੈ ਕਿ ਸਿੱਧੂ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਹਨ। ਕੈਪਟਨ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਨੇ ਆਵਾਜ਼-ਏ-ਪੰਜਾਬ ਨੂੰ 13 ਸੀਟਾਂ ਤੇ ਸਿੱਧੂ ਨੂੰ ਉੱਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਨਾ ਤਾਂ ਸਿੱਧੂ ਨੇ ਕਾਂਗਰਸ ਹਾਈਕਮਾਨ ਕੋਲ ਪਹੁੰਚ ਕੀਤੀ ਹੈ ਤੇ ਨਾ ਹੀ ਕਾਂਗਰਸ ਨੇ ਸਿੱਧੂ ਨਾਲ ਕੋਈ ਗੱਲ ਤੋਰੀ ਹੈ। ਕੈਪਟਨ ਨੇ ਕਿਹਾ ਕਿ ਉਹ 6 ਅਕਤੂਬਰ ਨੂੰ ਸਿਰਫ ਪਰਗਟ ਸਿੰਘ ਨੂੰ ਮਿਲੇ ਸਨ ਪਰ ਇਸ ਦੌਰਾਨ ਸੀਟਾਂ ਦੀ ਵੰਡ ਬਾਰੇ ਕੋਈ ਗੱਲਬਾਤ ਨਹੀਂ ਹੋਈ। ਕੈਪਟਨ ਨੇ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਗੱਲ਼ਬਾਤ ਪਾਰਟੀਆਂ ਵਿਚਾਲੇ ਹੁੰਦੀ ਹੈ ਨਾ ਕਿ ਪੰਜ ਬੰਦਿਆਂ ਦੇ ਸਮੂਹ ਨਾਲ ਜਿਸ ਵਿੱਚ ਚਾਰ ਜਿੱਤਣ ਦੀ ਹਾਲਤ ਵਿੱਛ ਹੀ ਨਹੀਂ। ਉਨ੍ਹਾਂ ਕਿਹਾ ਕਿ ਸਿੱਧੂ ਜੋੜੀ, ਪਰਗਟ ਸਿੰਘ ਤੇ ਇੱਕ ਬੈਂਸ ਭਰਾ ਤਾਂ ਆਪਣੀ ਸੀਟ ਜਿੱਤਣ ਜੋਗੇ ਵੀ ਨਹੀਂ। ਇਸ ਲਈ ਕਾਂਗਰਸ ਅਜਿਹੇ ਲੋਕਾਂ ਨਾਲ ਹੱਥ ਮਿਲਾਉਣ ਬਾਰੇ ਸੋਚ ਵੀ ਨਹੀਂ ਸਕਦੀ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਕਿਹਾ ਹੈ ਕਿ ਸਿੱਧੂ ਨਾਲ ਕਾਂਗਰਸ ਕੋਈ ਗੱਲਬਾਤ ਨਹੀਂ ਕਰ ਰਹੀ।
There are no comments at the moment, do you want to add one?
Write a comment