ਕਾਂਗਰਸ ਦੇ ਨਾਰਾਜ਼ ਆਗੂਆਂ ਦਾ ਧੜਾ 5 ਸੂਬਿਆਂ ਦੀਆ ਵਿਧਾਨ ਸਭਾ ਚੋਣਾਂ ਲਈ ਹੋਇਆ ਸਰਗਰਮ

67
ਜੰਮੂ ਕਸ਼ਮੀਰ ’ਚ ਸ਼ਾਂਤੀ ਸੰਮੇਲਨ ਦੌਰਾਨ ਇਕੱਠੇ ਹੋਏ ਕਾਂਗਰਸੀ ਆਗੂ।
Share

ਨਵੀਂ ਦਿੱਲੀ, 27 ਫਰਵਰੀ (ਪੰਜਾਬ ਮੇਲ)- ਕਾਂਗਰਸ ਦੇ ਨਾਰਾਜ਼ ਆਗੂਆਂ ਦਾ ਧੜਾ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੜ ਸਰਗਰਮ ਹੋ ਗਿਆ ਹੈ। ‘ਜੀ-23’ ਵਜੋਂ ਜਾਣੇ ਜਾਂਦੇ ਧੜੇ ਦੇ ਮੁੱਖ ਆਗੂਆਂ ਨੇ ਜੰਮੂ ’ਚ ਇੱਕ ਸਮਾਗਮ ਦੌਰਾਨ ਕਾਂਗਰਸ ਦੇ ਕਮਜ਼ੋਰ ਹੋਣ ਦਾ ਦਾਅਵਾ ਕਰਦਿਆਂ ਉਸ ਦੀ ਮਜ਼ਬੂਤੀ ਲਈ ਕਦਮ ਚੁੱਕਣ ’ਤੇ ਜ਼ੋਰ ਦਿੱਤਾ। ਇਸ ਸਮਾਗਮ ’ਚ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਵਿਵੇਕ ਤਨਖਾ, ਮਨੀਸ਼ ਤਿਵਾੜੀ, ਰਾਜ ਬੱਬਰ ਅਤੇ ਭੁਪਿੰਦਰ ਸਿੰਘ ਹੁੱਡਾ ਸਮੇਤ ਹੋਰ ਆਗੂਆਂ ਨੇ ਵੀ ਹਾਜ਼ਰੀ ਭਰੀ। ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਮਹਾਤਮਾ ਗਾਂਧੀ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸੱਚਾਈ ਇਹ ਹੈ ਕਿ ਸਾਨੂੰ ਕਾਂਗਰਸ ਹੋਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਇਸ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਸਾਨੂੰ ਸਾਰਿਆਂ ਨੂੰ ਰਲ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਪਵੇਗਾ।’’ ਕਾਂਗਰਸ ਆਗੂਆਂ ਨੇ ਗੁਲਾਮ ਨਬੀ ਆਜ਼ਾਦ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ’ਚ ਕਾਂਗਰਸ ਆਗੂਆਂ ਕਪਿਲ ਸਿੱਬਲ ਅਤੇ ਗੁਲਾਮ ਨਬੀ ਆਜ਼ਾਦ ਸਮੇਤ ਹੋਰਾਂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਚੋਣਾਂ ’ਚ ਹੋਈ ਹਾਰ ਦੀ ਪੜਚੋਲ ਕਰਨ ਲਈ ਆਖਦਿਆਂ ਪੂਰੇ ਸਮੇਂ ਲਈ ਪਾਰਟੀ ਦਾ ਪ੍ਰਧਾਨ ਥਾਪਣ ਦੀ ਮੰਗ ਕੀਤੀ ਸੀ।

Share