ਕਰੋਨਾ ਮਹਾਂਮਾਰੀ ਹਾਲੇ ਆਪਣੇ ਸ਼ੁਰੂਆਤੀ ਦੌਰ ‘ਚ, ਬੁਰਾ ਸਮਾਂ ਆਉਣਾ ਬਾਕੀ : ਮਸ਼ਹੂਰ ਵਿਗਿਆਨੀ ਵੱਲੋਂ ਦਾਅਵਾ

61
Share

ਲੰਡਨ, 17 ਸਤੰਬਰ (ਪੰਜਾਬ ਮੇਲ)-ਕੋਰੋਨਾ ਮਹਾਮਾਰੀ ਦੀ ਸਥਿਤੀ ਸਬੰਧੀ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ। ਹੁਣ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨਾਲ ਜੁੜੇ ਦੁਨੀਆਂ ਦੇ ਮਸ਼ਹੂਰ ਸਿਹਤ ਮਾਹਰ ਡੇਵਿਡ ਨਾਬਰੋ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਹਾਲੇ ਸਿਰਫ ਆਪਣੇ ਸ਼ੁਰੂਆਤੀ ਦੌਰ ਵਿਚ ਹੈ, ਹਾਲੇ ਇਸ ਨਾਲੋਂ ਵੀ ਬੁਰਾ ਸਮਾਂ ਆਉਣਾ ਬਾਕੀ ਹੈ। ਡੇਵਿਡ ਮੁਤਾਬਕ, ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਟਲਿਆ ਨਹੀਂ ਹੈ ਅਤੇ ਇਹ ਕਾਫੀ ਖਤਰਨਾਕ ਸਥਿਤੀ ਪੈਦਾ ਕਰ ਸਕਦੀ ਹੈ।
ਟੈਲੀਗ੍ਰਾਫ ਵਿਚ ਛਪੀ ਰਿਪੋਰਟ ਮੁਤਾਬਕ, ਸਿਹਤ ਮਾਹਰ ਡੇਵਿਡ ਨਾਬਰੋ  ਨੇ ਇਹ ਜਾਣਕਾਰੀ ਬ੍ਰਿਟੇਨ ਦੀ ਸੰਸਦ ਦੀ ਹਾਊਸ ਆਫ ਕਾਮਨਜ਼ ਫੌਰੇਨ ਅਫੇਅਰਸ ਕਮੇਟੀ ਨੂੰ ਦਿੱਤੀ ਹੈ ਕਿ ਫਿਲਹਾਲ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਮੁਕਤ ਹੋਣਾ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਡੇਵਿਡ ਨੇ ਕਿਹਾ ਕਿ ਇਹ ਸਮਾਂ ਆਰਾਮ ਨਾਲ ਸਾਹ ਲੈਣ ਦਾ ਨਹੀਂ ਸਗੋਂ ਵੱਡੀ ਤਬਾਹੀ ਲਈ ਤਿਆਰ ਰਹਿਣ ਦਾ ਹੈ। ਨਾਬਰੋ ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਪ੍ਰਤੀਨਿਧੀ ਹਨ ਅਤੇ ਬ੍ਰਿਟੇਨ ਦੇ ਵੱਕਾਰੀ ਇੰਪੀਰੀਅਲ ਕਾਲਜ ਲੰਡਨ ਇੰਸਟੀਚਿਊਟ ਆਫ ਗਲੋਬਲ ਹੈਲਥ ਇਨੋਵੈਸ਼ਨ ਦੇ ਕੋ-ਡਾਇਰੈਕਟਰ ਵੀ ਹਨ। ਡੇਵਿਡ ਨੇ ਖਾਸ ਕਰ ਕੇ ਯੂਰਪ ਸਬੰਧੀ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਆਉਣ ‘ਤੇ ਇਥੇ ਹਾਲਾਤ ਵਿਗੜ ਸਕਦੇ ਹਨ।
ਡੇਵਿਡ ਨੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਕਿਉਂਕਿ ਕੋਰੋਨਾ ਵਾਇਰਸ ਬੇਕਾਬੂ ਹੋ ਗਿਆ ਸੀ, ਇਸ ਲਈ ਹੁਣ ਗਲੋਬਲ ਅਰਥਵਿਵਸਥਾ ਵਿਚ ਨਾ ਸਿਰਫ ਮੰਦੀ ਸਗੋਂ ਇਸ ਦੇ ਸੁੰਗੜਨ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਸਾਈਂਸ ਫਿਕਸ਼ਨ ਮੂਵੀ ਨਾਲੋਂ ਵੀ ਖਰਾਬ ਸਥਿਤੀ ਹੈ। ਡਬਲਿਊ. ਐੱਚ. ਓ. ਦੇ ਵਿਸ਼ੇਸ਼ ਪ੍ਰਤੀਨਿਧੀ ਡੇਵਿਵ ਨਬਾਰੋ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਦਾਅਵੇ ਨੂੰ ਵੀ ਖਾਰਿਜ ਕੀਤਾ ਕਿ ਚੀਨ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੂੰ ਖਰੀਦ ਲਿਆ ਗਿਆ ਸੀ। ਇਸ ਲਈ ਸੰਗਠਨ ਕੋਰੋਨਾ ਮਹਾਮਾਰੀ ‘ਤੇ ਸਹੀ ਕਦਮ ਚੁੱਕ ਨਹੀਂ ਸਕਿਆ। ਡੇਵਿਡ ਨੇ ਕਿਹਾ ਹੈ ਕਿ ਵਾਇਰਸ ਦੇ ਕਾਰਨ ਅਰਥਵਿਵਸਥਾ ਨੂੰ ਇੰਨਾ ਨੁਕਸਾਨ ਹੋਇਆ ਹੈ ਕਿ ਗਰੀਬਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਹਾਲੇ ਮਹਾਮਾਰੀ ਦੇ ਮੱਧ ਵਿਚ ਵੀ ਨਹੀਂ ਪਹੁੰਚੇ ਹਾਂ ਸਗੋਂ ਇਹ ਤਾਂ ਹਾਲੇ ਸ਼ੁਰੂਆਤ ਹੀ ਹੈ। ਇਸ ਤੋਂ ਪਹਿਲਾਂ ਡਬਲਿਊ. ਐੱਚ. ਓ. ਮੁਖੀ ਡਾਕਟਰ ਟੇਡ੍ਰੋਸ ਐਡਨਾ ਗੇਬੇਰੀਏਸਿਸ ਨੇ ਕਿਹਾ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ ਕੋਰੋਨਾ ਨਾਲ ਨਜਿੱਠਣ ਦੇ ਮਾਮਲੇ ਵਿਚ ਗਲਤ ਦਿਸ਼ਾ ਵਿਚ ਜਾ ਰਹੇ ਹਨ। ਡਾਕਟਰ ਟੇਡ੍ਰੋਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਰਹੇ ਹਨ ਅਤੇ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਜਿਹੜੀ ਸਾਵਧਾਨੀ ਅਤੇ ਉਪਾਵਾਂ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਬੱਚਿਆਂ ‘ਤੇ ਮਹਾਮਾਰੀ ਦਾ ਸਭ ਤੋਂ ਖਤਰਨਾਕ ਅਸਰ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਜੇਕਰ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਕੋਰੋਨਾਵਾਇਰਸ ਮਹਾਮਾਰੀ ਬਦ ਤੋਂ ਬਦਤਰ ਹੁੰਦੀ ਜਾਵੇਗੀ।


Share