ਕਰੋਨਾ ਮਹਾਂਮਾਰੀ ਕਾਰਨ ਕੈਨੇਡਾ-ਅਮਰੀਕਾ ਸਰਹੱਦ ‘ਤੇ ਲਾਈ ਪਾਬੰਦੀ 21 ਦਸੰਬਰ ਤੱਕ ਹੋਰ ਵਧਾਈ

61
Share

ਓਟਾਵਾ, 22 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚਕਾਰ ਸਫ਼ਰ ਕਰਨ ਦੀ ਉਡੀਕ ‘ਚ ਬੈਠੇ ਲੋਕਾਂ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਗੈਰ ਜ਼ਰੂਰੀ ਯਾਤਰਾ ‘ਤੇ ਲਾਈ ਪਾਬੰਦੀ ਹੋਰ ਅੱਗੇ ਵਧਾ ਕੇ 21 ਦਸੰਬਰ ਤੱਕ ਕਰ ਦਿੱਤੀ ਹੈ।
ਇਹ ਪਾਬੰਦੀ ਸ਼ਨੀਵਾਰ ਨੂੰ ਸਮਾਪਤ ਹੋਣ ਵਾਲੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ।
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੈਨੇਡਾ-ਅਮਰੀਕਾ ਦੀ ਸਰਹੱਦ 18 ਮਾਰਚ ਨੂੰ ਬੰਦ ਕਰ ਦਿੱਤੀ ਗਈ ਅਤੇ ਹਰ ਮਹੀਨੇ ਗੈਰ ਜ਼ਰੂਰੀ ਯਾਤਰਾ ਲਈ ਪਾਬੰਦੀ ਹੁਣ ਤੱਕ ਵਧਦੀ ਚੱਲਦੀ ਆ ਰਹੀ ਹੈ। ਕੈਨੇਡਾ ਵੱਲੋਂ ਰੱਖੀਆਂ ਸ਼ਰਤਾਂ ਮੁਤਾਬਕ, ਸਿਹਤ ਸੰਭਾਲ ਵਰਗੇ ਸਿਰਫ਼ ਜ਼ਰੂਰੀ ਕਾਮੇ ਹੀ ਕੈਨੇਡਾ ‘ਚ ਦਾਖ਼ਲ ਹੋ ਸਕਦੇ ਹਨ। ਕੈਨੇਡੀਅਨ ਨਾਗਰਿਕ, ਪੱਕੇ ਨਿਵਾਸੀ ਅਤੇ ਕੈਨੇਡਾ ਦੇ ਇੰਡੀਅਨ ਐਕਟ ਤਹਿਤ ਰਜਿਸਟਰਡ ਭਾਰਤੀਆਂ ਨੂੰ ਵੀ ਇਜਾਜ਼ਤ ਹੈ ਪਰ ਇਸ ਲਈ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਣਾ ਲਾਜ਼ਮੀ ਹੈ।
ਇਸ ਤੋਂ ਇਲਾਵਾ ਕੈਨੇਡਾ ਵੱਲੋਂ ਅਕਤੂਬਰ ‘ਚ ਪਰਿਵਾਰਕ ਮੈਂਬਰਾਂ ਦੇ ਆਧਾਰ ‘ਤੇ ਸਰਹੱਦ ਪਾਰ ਕਰਨ ਦੀਆਂ ਸ਼ਰਤਾਂ ‘ਚ ਢਿੱਲ ਦਿੱਤੀ ਗਈ ਸੀ। ਇਸ ਤਹਿਤ ਕੈਨੇਡੀਅਨਾਂ ਦੇ ਪਤੀ/ਪਤਨੀ, ਬੱਚੇ, ਪੋਤੇ-ਪੋਤੀਆਂ ਅਤੇ ਘੱਟੋ-ਘੱਟ ਇਕ ਸਾਲ ਤੋਂ ਰਿਸ਼ਤੇ ‘ਚ ਰਹੇ ਸਹਿਯੋਗੀ ਮੁਲਾਕਾਤ ਲਈ ਕੈਨੇਡਾ ਆ ਸਕਦੇ ਹਨ।


Share