ਕਰੋਨਾ ਦਾ ਕਹਿਰ : ਪੰਜਾਬ ਵਿਚ 24 ਘੰਟਿਆਂ ਵਿਚ 24 ਮੋਤਾਂ

417
Share

ਚੰਡੀਗੜ੍ਹ. 10 ਅਗਸਤ (ਪੰਜਾਬ ਮੇਲ)- ਪੰਜਾਬ ਵਿਚ ਅਗਸਤ ਦੇ ਦੂਸਰੇ ਹਫ਼ਤੇ ’ਚ ਕਰੋਨਾ ਦੀ ਲਾਗ ਸਿਖ਼ਰ ਵੱਲ ਵਧਣ ਲੱਗੀ ਹੈ। ਸੂਬੇ ਵਿਚ ਅੱਜ ਕਰੋਨਾ ਨੇ 24 ਵਿਅਕਤੀਆਂ ਦੀ ਜਾਨ ਲੈ ਲਈ ਜਦਕਿ ਬੀਤੇ 24 ਘੰਟਿਆਂ ਵਿਚ ਲਾਗ ਦੇ 987 ਨਵੇਂ ਕੇਸ ਆਏ ਹਨ। ਇਸ ਨਾਲ ਮੌਤਾਂ ਦਾ ਅੰਕੜਾ 586 ’ਤੇ ਪੁੱਜ ਗਿਆ ਹੈ। ਅੱਜ 29 ਪੁਲੀਸ ਮੁਲਾਜ਼ਮ ਵੀ ਕੋਵਿਡ ਦੀ ਲਪੇਟ ਵਿਚ ਆ ਗਏ ਹਨ। ਜ਼ਿਲ੍ਹਾ ਲੁਧਿਆਣਾ ’ਚ ਕੋਵਿਡ ਦੀ ਮਾਰ ਸਭ ਤੋਂ ਵੱਧ ਪੈ ਰਹੀ ਹੈ ਜਿੱਥੇ ਅੱਜ 316 ਨਵੇਂ ਕੇਸ ਮਿਲੇ ਜਿਨ੍ਹਾਂ ’ਚ 9 ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਵੇਰਵਿਆਂ ਅਨੁਸਾਰ ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿਚ 9, ਅੰਮ੍ਰਿਤਸਰ ’ਚ 4, ਬਠਿੰਡਾ ’ਚ 3, ਜਲੰਧਰ ਤੇ ਕਪੂਰਥਲਾ ’ਚ 2-2 ਅਤੇ ਬਰਨਾਲਾ, ਗੁਰਦਾਸਪੁਰ, ਮੁਹਾਲੀ ਅਤੇ ਸੰਗਰੂਰ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੰਜਾਬ ਵਿਚ ਹੁਣ ਤੱਕ 6,72,761 ਨਮੂਨੇ ਲਏ ਗਏ ਹਨ ਜਿਨ੍ਹਾਂ ’ਚੋਂ 23,903 ਪਾਜ਼ੇਟਿਵ ਕੇਸ ਪਾਏ ਗਏ ਹਨ।  15,319 ਪੀੜਤਾਂ ਨੂੰ ਠੀਕ ਹੋਣ ਮਗਰੋਂ ਘਰੀਂ ਤੋਰ ਦਿੱਤਾ ਗਿਆ ਹੈ। ਰਾਜ ਵਿਚ 7998 ਐਕਟਿਵ ਕੇਸ ਹਨ ਜਦੋਂ ਕਿ 22 ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ। ਬਠਿੰਡਾ ਜ਼ਿਲ੍ਹੇ ਵਿਚ ਅੱਜ 8 ਪੁਲੀਸ ਮੁਲਾਜ਼ਮ ਅਤੇ ਜੇਲ੍ਹ ਦੇ ਤਿੰਨ ਬੰਦੀ ਵੀ ਪਾਜ਼ੇਟਿਵ ਮਿਲੇ ਹਨ। ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੁਣ ਕਰੋਨਾ ਨਾਲ ਹੋਈਆਂ ਮੌਤਾਂ ਤੋਂ ਬਚਿਆ ਨਹੀਂ ਹੈ। ਮਾਨਸਾ ਵਿਚ ਵੀ ਹੁਣ ਤੱਕ ਇੱਕ ਮੌਤ ਹੋ ਚੁੱਕੀ ਹੈ ਜਦੋਂ ਕਿ ਮੁਕਤਸਰ ਵਿਚ ਹੁਣ ਤੱਕ 2 ਮੌਤਾਂ ਹੋਈਆਂ ਹਨ।


Share