ਕਰੋਨਾ: ਕਿੱਥੇ ਖੜ੍ਹੇ ਹਨ ਕੀਵੀਜ਼?; ਕਰੋਨਾ ਮਹਾਂਮਾਰੀ ਦੇ ਵਿਚ ਨਿਊਜ਼ੀਲੈਂਡ ਵਿਸ਼ਵ ਦਾ ਦੂਜਾ ਸੁਰੱਖਿਅਤ ਦੇਸ਼-ਪਹਿਲੇ ਨੰਬਰ ਉਤੇ ਜ਼ਰਮਨੀ

232
Share

-ਭਾਰਤ ਦਾ ਸਥਾਨ 80ਵਾਂ
ਔਕਲੈਂਡ, 05 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਭਾਵੇਂ ਲਗਪਗ ਤਿੰਨ ਮਹੀਨੇ ਬਾਅਦ ਦੁਬਾਰਾ ਕਰੋਨਾ ਦੇ ਕੇਸ ਆਉਣੇ 11 ਅਗਸਤ ਤੋਂ ਸ਼ੁਰੂ ਹਨ ਪਰ ਫਿਰ ਵੀ ਦੁਨੀਆ ਦੇ ਮੁਕਾਬਲੇ ਨਿਊਜ਼ੀਲੈਂਡ ਨੂੰ ਵਿਸ਼ਵ ਦਾ ਦੂਜਾ ਸੁਰੱਖਿਅਤ ਮੁਲਕ ਐਲਾਨਿਆ ਗਿਆ ਹੈ। ਪਹਿਲਾ ਸੁਰੱਖਿਅਤ ਦੇਸ਼ ਜ਼ਰਮਨੀ ਹੈ। ਸਾਊਥ ਕੋਰੀਆ ਤੀਜੇ ਨੰਬਰ ਉਤੇ ਜਦ ਕਿ ਚੌਥੇ ਨੰਬਰ ਉਤੇ ਸਵਿਟਜ਼ਰਲੈਂਡ ਹੈ ਜੋ ਕਿ ਪਹਿਲਾਂ ਇਕ ਨੰਬਰ ਉਤੇ ਸੀ। ਪੰਜਵੇਂ ਨੰਬਰ ਉਤੇ ਜਾਪਾਨ ਆਇਆ ਹੈ। ਆਸਟਰੇਲੀਆ ਛੇਵੇਂ ਅਤੇ ਚੀਨ ਸੱਤਵੇਂ ਨੰਬਰ ਉਤੇ ਹੈ। ਇਹ ਰੈਂਕਿੰਗ ਜਾਂ ਸੁਰੱਖਿਅਤ ਪੱਧਰ ਕੱਢਣ ਦੇ ਲਈ ਸਿਰਫ ਕਰੋਨਾ ਪੀੜਤ ਲੋਕਾਂ ਦੀ ਗਿਣਤੀ ਜਾਂ ਮੌਤਾਂ ਨੂੰ ਹੀ ਨਹੀਂ ਵਿਚਾਰਿਆ ਗਿਆ ਹੈ ਸਗੋਂ ਸਰਕਾਰਾਂ ਨੇ ਕੀ ਕੰਮ ਕੀਤਾ?, ਰਾਸ਼ਟਰ ਦੇ ਉਤੇ ਕਿਵੇਂ ਨਜ਼ਰ ਰੱਖੀ?, ਕਿਵੇਂ ਕਰੋਨਾ ਮਰੀਜ ਲੱਭਿਆ? ਅਤੇ ਕਿਵੇਂ ਦਾ ਮੈਡੀਕਲ ਸਿਸਟਮ ਅਪਣਾਇਆ ਗਿਆ? ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਸਰਕਾਰਾਂ ਨੇ ਕਿਵੇਂ ਆਪਣੀ ਅਰਥ ਵਿਵਸਥਾ ਬਚਾਈ?, ਐਮਰਜੈਂਸੀ ਦੌਰਾਨ ਕੀ ਪ੍ਰਬੰਧ ਰਹੇ? ਆਦਿ ਨੂੰ ਵੀ ਵੇਖਿਆ ਗਿਆ ਹੈ। ਲਗਪਗ 140 ਤਰ੍ਹਾਂ ਦੇ ਮਾਪਦੰਢ ਪਰਖੇ ਗਏ ਤੇ ਫਿਰ ਨਤੀਜਾ ਕੱਢਿਆ ਗਿਆ। ਜਿਆਦਾ ਖਤਰਨਾਕ ਮੁਲਕਾਂ ਦੇ ਵਿਚ ਸੋਮਾਲੀਆ, ਸਾਊਥ ਸੁਡਾਨ, ਅਫਗਾਨਿਸਤਾਨ  ਅਤੇ ਮਾਲੀ ਆਦਿ ਆਏ ਹਨ।  ਭਾਰਤ ਦਾ ਸਥਾਨ 80ਵਾਂ ਹੈ ਜਦ ਕਿ ਕੈਨੇਡਾ 12ਵੇਂ ਸਥਾਨ ਅਤੇ ਅਮਰੀਕਾ 55ਵੇਂ ਸਥਾਨ ਉਤੇ ਹੈ। ਸੋ ਕਰੋਨਾ ਦੇ ਮਾਮਲੇ ਵਿਚ ਨਿਊਜ਼ੀਲੈਂਡ ਦੂਜੇ ਨੰਬਰ ਉਤੇ ਖੜ੍ਹਾ ਹੈ। ਨਿਊਜ਼ੀਲੈਂਡ ਦੇ ਵਿਚ ਅੱਜ ਇਕ ਹੋਰ ਮੌਤ ਹੋਈ ਹੈ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ ਅਜੇ ਤੱਕ 24 ਹੈ।


Share