ਕਰੋਨਾਵਾਇਰਸ : ਭਾਰਤ ‘ਚ ਮੌਤਾਂ ਦੀ ਗਿਣਤੀ 75 ਹੋਈ

463
Share

ਪਾਜ਼ੇਟਿਵ ਪਾਏ ਗਏ ਵਿਅਕਤੀਆਂ ਦੀ ਗਿਣਤੀ ਤਿੰਨ ਹਜਾਰ ਪਾਰ

ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿਚ ਕਰੋਨਾਵਾਇਰਸ ਨਾਲ ਜੁੜੀਆਂ ਮੌਤਾਂ ਦਾ ਅੰਕੜਾ ਸੈਂਕੜੇ ਵੱਲ ਵੱਧ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਮਾਮਲਿਆਂ ਦੀ ਗਿਣਤੀ ਵੀ ਕਾਫ਼ੀ ਹੱਦ ਤੱਕ ਵਧੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਦੀ ਗਿਣਤੀ 3072 ਹੈ। ਪਿਛਲੇ 24 ਘੰਟਿਆਂ ਵਿਚ ਹੀ 601 ਕੇਸ ਸਾਹਮਣੇ ਆਏ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ 13 ਮੌਤਾਂ ਹੋਰ ਹੋਈਆਂ ਹਨ ਤੇ ਮੁਲਕ ਵਿਚ ਮ੍ਰਿਤਕਾਂ ਦੀ ਗਿਣਤੀ 75 ਹੋ ਗਈ ਹੈ। ਜਦਕਿ ਸੂਬਿਆਂ ਵੱਲੋਂ ਜਾਰੀ ਸੂਚੀ ਮੁਤਾਬਕ ਸ਼ਨਿਚਰਵਾਰ ਬਾਅਦ ਦੁਪਹਿਰ ਤੱਕ ਮੁਲਕ ਭਰ ਵਿਚ 96 ਮੌਤਾਂ ਹੋ ਚੁੱਕੀਆਂ ਹਨ ਤੇ ਕੇਸਾਂ ਦੀ ਗਿਣਤੀ 3,488 ਹੈ। ਇਨ੍ਹਾਂ ਵਿਚੋਂ 58 ਜਣੇ ਕੇਰਲਾ, ਦਿੱਲੀ ਤੇ ਮੱਧ ਪ੍ਰਦੇਸ਼ ਵਿਚ ਗੰਭੀਰ ਹਾਲਤ ਵਿਚ ਹਨ। ਹੁਣ ਤੱਕ 212 ਜਣੇ ਤੰਦਰੁਸਤ ਵੀ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਦਾ ਕਹਿਣਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਭਾਰਤ ਵਿਚ ਕੋਵਿਡ-19 ਦੇ ਫੈਲਣ ਦੀ ਦਰ ਹੋਰਨਾਂ ਮੁਲਕਾਂ ਦੇ ਮੁਕਾਬਲੇ ਘੱਟ ਹੈ। 30 ਫ਼ੀਸਦ ਕੇਸ ਜਿਨ੍ਹਾਂ ਦੀ ਪਾਜ਼ੇਟਿਵ ਵਜੋਂ ਪੁਸ਼ਟੀ ਹੋ ਚੁੱਕੀ ਹੈ, ‘ਇਕੋ ਥਾਂ’ ਨਾਲ ਜੁੜੇ ਹੋਏ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਟੈਸਟਿੰਗ ਸਮਰੱਥਾ ਵਿਚ ਕਾਫ਼ੀ ਵਾਧਾ ਕੀਤਾ ਗਿਆ ਹੈ ਤੇ ਰੋਜ਼ਾਨਾ 10,000 ਤੋਂ ਵੀ ਵੱਧ ਟੈਸਟ ਕੀਤੇ ਜਾ ਰਹੇ ਹਨ। ਮੰਤਰਾਲੇ ਨੇ ‘ਲੌਕਡਾਊਨ’ ਦੀ ਪਾਲਣਾ ਯਕੀਨੀ ਬਣਾਉਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਜਿਹੇ ਨੁਕਤਿਆਂ ’ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਨਿੱਜੀ ਤੇ ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਤਬਲੀਗੀ ਜਮਾਤ ਨਾਲ ਜੁੜੇ 1,023 ਕੇਸ ਹੁਣ ਤੱਕ ਸਾਹਮਣੇ ਆਏ ਹਨ, ਪਰ ਵੱਖ-ਵੱਖ ਥਾਵਾਂ ਦੀ ਅਥਾਰਿਟੀ ਵੱਲੋਂ ਇਸ ਧਾਰਮਿਕ ਇਕੱਠ ਨਾਲ ਜੁੜੇ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਕਰੀਬ 22,000 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਗਿਆ ਹੈ। ਤਬਲੀਗ ਨਾਲ ਜੁੜੇ ਕੇਸ 17 ਸੂਬਿਆਂ ਤੱਕ ਫੈਲੇ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਜਾਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਇਕੋ ਥਾਂ ਨਾਲ ਜੁੜੇ ਮਾਮਲਿਆਂ ਨਾਲ ਪੂਰੀ ਤਾਕਤ ਨਾਲ ਨਜਿੱਠਿਆ ਜਾ ਰਿਹਾ ਹੈ। ਸਿਹਤ ਮੰਤਰਾਲੇ ਤੇ ਅਧਿਕਾਰੀਆਂ ਨੇ ਜਿਹੜੇ ਅੰਕੜੇ ਸਾਂਝੇ ਕੀਤੇ ਹਨ, ਉਨ੍ਹਾਂ ਮੁਤਾਬਕ ਹਰ 25 ਵਿਅਕਤੀਆਂ ਪਿੱਛੇ ਇਕ ਪਾਜ਼ੇਟਿਵ ਪਾਇਆ ਜਾ ਰਿਹਾ ਹੈ। ਇਹ ਅੰਕੜੇ ਉਨ੍ਹਾਂ ਦੇ ਹਨ ਜਿਨ੍ਹਾਂ ਦਾ ਕੋਵਿਡ-19 ਦੇ ਲੱਛਣਾਂ ਲਈ ਟੈਸਟ ਕੀਤਾ ਜਾ ਰਿਹਾ ਹੈ। ਹਾਲਾਂਕਿ ਪਾਜ਼ੇਵਿਟ ਪਾਏ ਜਾਣ ਵਾਲਿਆਂ ’ਚੋਂ ਜੇ ਮ੍ਰਿਤਕਾਂ ਦੀ ਗਿਣਤੀ ਦੇਖੀ ਜਾਵੇ ਤਾਂ ਇਹ ਦਰ 30 ਜਣਿਆਂ ਪਿੱਛੇ ਇਕ ਤੋਂ ਵੀ ਘੱਟ ਹੈ। ਹਾਲੇ ਤੱਕ ਕਰੀਬ 75,000 ਟੈਸਟ ਕੀਤੇ ਗਏ ਹਨ। ਇਸ ਵੇਲੇ 100 ਸਰਕਾਰੀ ਲੈਬ ਕੰਮ ਕਰ ਰਹੇ ਹਨ ਜਦਕਿ ਪ੍ਰਾਈਵੇਟ ਲੈਬ ਵੀ ਜੋੜੇ ਜਾ ਰਹੇ ਹਨ। ਸਿਹਤ ਸਕੱਤਰ ਨੇ ਦੱਸਿਆ ਕਿ 42 ਫ਼ੀਸਦ ਪੀੜਤ 21-40 ਸਾਲ ਦੇ ਹਨ, 33 ਫ਼ੀਸਦ 41-60 ਸਾਲ, 17 ਫ਼ੀਸਦ 60 ਸਾਲ ਤੋਂ ਵੱਧ ਦੇ ਅਤੇ ਨੌਂ ਫ਼ੀਸਦ 0-20 ਸਾਲ ਉਮਰ ਵਰਗ ਦੇ ਹਨ। ਬਜ਼ੁਰਗਾਂ ਤੇ ਕਿਸੇ ਹੋਰ ਬੀਮਾਰੀ ਨਾਲ ਪੀੜਤਾਂ ਲਈ ਖ਼ਤਰਾ ਵੱਧ ਹੈ। ਦਿੱਲੀ ਵਿਚ ਛੇ ਵਿਚੋਂ ਪੰਜ ਮ੍ਰਿਤਕ 60 ਸਾਲ ਤੋਂ ਉੱਪਰ ਦੇ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਸੱਦੇ ਤਹਿਤ ਦੀਵੇ ਬਾਲਣ ਵੇਲੇ ਅਲਕੋਹਲ ਵਾਲੇ ਸੈਨੇਟਾਈਜ਼ਰ ਦੀ ਵਰਤੋਂ ਨਾ ਕੀਤੀ ਜਾਵੇ।


Share