ਕਰਨਾਟਕ ਵਿਧਾਨ ਸਭਾ ਚੋਣ ਲਈ ਵੋਟਾਂ ਅੱਜ

ਬੰਗਲੌਰ, 11 ਮਈ (ਪੰਜਾਬ ਮੇਲ)- ਪਿਛਲੇ ਤਿੰਨ ਮਹੀਨੇ ਤੋਂ ਚੱਲ ਰਹੇ ਧੂੰਆਂਧਾਰ ਪ੍ਰਚਾਰ ਤੋਂ ਬਾਅਦ ਭਲਕੇ ਕਰਨਾਟਕ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਵਾਸਤੇ ਸੂਬੇ ਵਿੱਚ ਤਿਕੋਣਾ ਮੁਕਾਬਲਾ ਹੈ। ਸੱਤਾਧਾਰੀ ਕਾਂਗਰਸ, ਭਾਜਪਾ ਅਤੇ ਜਨਤਾ ਦਲ (ਸੈਕੂਲਰ) ਦੇ ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ।
ਸੂਬੇ ਵਿੱਚ ਸੱਤਾ ਲਈ ਕਾਂਗਰਸ ਤੇ ਭਾਜਪਾ ਵਿਚਕਾਰ ਸਿੱਧੀ ਲੜਾਈ ਹੈ। ਬਹੁਤੇ ਸਰਵਿਆਂ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਸੱਤਾ ਦਾ ਤਵਾਜ਼ਨ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਪਾਰਟੀ ਜਨਤਾ ਦਲ (ਸੈਕੂਲਰ) ਦੇ ਹੱਥਾਂ ਵਿੱਚ ਆ ਜਾਵੇਗਾ। ਕਰਨਾਟਕ ਦੇ 224 ਵਿਧਾਨ ਸਭਾ ਹਲਕਿਆਂ ਵਿੱਚੋਂ 223 ਵਿੱਚ ਵੋਟਾਂ ਪੈਣਗੀਆਂ। ਵਿਧਾਨ ਸਭਾ ਹਲਕਾ ਜਯਾਨਗਰ ਵਿੱਚ ਮੌਜੂਦਾ ਭਾਜਪਾ ਵਿਧਾਇਕ ਤੇ ਪਾਰਟੀ ਉਮੀਦਵਾਰ ਬੀ ਐਲ ਵਿਜੈ ਕੁਮਾਰ ਦੀ ਮੌਤ ਹੋਣ ਕਾਰਨ ਵੋਟਾਂ ਨਹੀਂ ਪੈ ਰਹੀਆਂ। ਸੂਬੇ ਵਿੱਚ 4.96 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚ 2.52 ਕਰੋੜ ਮਰਦ ਅਤੇ 2.44 ਕਰੋੜ ਔਰਤ ਵੋਟਰ ਹਨ। ਇਨ੍ਹਾਂ ਤੋਂ ਇਲਾਵਾ 4552 ਕਿੰਨਰ ਵੋਟਰ ਹਨ। ਇਹ 2600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਾਂ ਦੀ ਗਿਣਤੀ 15 ਮਈ ਨੂੰ ਹੋਵਗੀ ਅਤੇ ਇਸ ਦਿਨ ਹੀ ਨਤੀਜੇ ਐਲਾਨੇ ਜਾਣਗੇ। ਰਾਜ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ 55600 ਤੋਂ ਵੱਧ ਮੱਤਦਾਨ ਕੇਂਦਰ ਬਣਾਏ ਗਏ ਹਨ। ਚੋਣ ਅਮਲ ਨੂੰ ਸਹੀ ਸਲਾਮਤ ਸਿਰੇ ਚਾੜ੍ਹਨ ਦੇ ਲਈ ਸਾਢੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਤਾਇਨਾਤ ਕੀਤੇ ਗਏ ਹਨ। ਇਸ ਵਾਰ ਸਰਕਾਰ ਨੇ ਕੁੱਝ ਅੰਗਹੀਣ ਮੁਲਾਜ਼ਮਾਂ ਦੀ ਵੀ ਚੋਣਵੇਂ ਪੋਲਿੰਗ ਕੇਂਦਰਾਂ ਉੱਤੇ ਤਾਇਨਾਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਰਨਾਟਕ ਵਿੱਚ 1985 ਤੋਂ ਬਾਅਦ ਕਿਸੇ ਵੀ ਪਾਰਟੀ ਨੇ ਦੂਜੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਨਹੀਂ ਕੀਤੀ। 1985 ਵਿੱਚ ਜਨਤਾ ਦਲ ਨੇ ਰਾਮ ਕ੍ਰਿਸ਼ਨ ਹੈਗੜੇ ਦੀ ਅਗਵਾਈ ਵਿੱਚ ਦੂਜੀ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਪੰਜਾਬ ਤੋਂ ਬਾਅਦ ਜਿੱਥੇ ਕਾਂਗਰਸ, ਕਰਨਾਟਕ ਵਿੱਚ ਆਪਣੀ ਸਰਕਾਰ ਬਚਾਉਣ ਦੀ ਕੋਸ਼ਿਸ਼ ਵਿੱਚ ਹੈ, ਉੱਥੇ ਭਾਜਪਾ ਕਰਨਾਟਕ ਵਿੱਚ ਜਿੱਤ ਹਾਸਲ ਕਰਕੇ ਦੱਖਣੀ ਰਾਜਾਂ ਦੇ ਲਈ ਆਪਣਾ ਰਸਤਾ ਖੋਲ੍ਹਣਾ ਚਾਹੁੰਦੀ ਹੈ। ਜਨਤਾ ਦਲ (ਐੱਸ) ਦੇ ਸੂਬਾ ਪ੍ਰਧਾਨ ਐਚ ਡੀ ਕੁਮਾਰਸਵਾਮੀ ਇਨ੍ਹਾਂ ਚੋਣਾਂ ਨੂੰ ਆਪਣੀ ਹੋਂਦ ਦਾ ਸਵਾਲ ਬਣਾ ਕੇ ਲੜ ਕੇ ਰਹੇ ਹਨ। ਪਾਰਟੀ ਇੱਕ ਦਹਾਕੇ ਤੋਂ ਸੱਤਾ ਵਿੱਚੋਂ ਬਾਹਰ ਹੈ। ਸੂਬੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਟਵਿੱਟਰ ਉੱਤੇ ਦਾਅਵਾ ਕੀਤਾ ਹੈ ਕਿ ਕਾਂਗਰਸ ਲਗਾਤਾਰ ਦੂਜੀ ਵਾਰ ਚੋਣਾਂ ਜਿੱਤ ਕੇ ਇਤਿਹਾਸ ਦੁਹਰਾਏਗੀ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕੱਲ੍ਹ ਦਾਅਵਾ ਕੀਤਾ ਹੈ ਕਿ ਪਾਰਟੀ 130 ਸੀਟਾਂ ਤੋਂ ਵੱਧ ਸੀਟਾਂ ਜਿੱਤ ਕੇ ਇਕੱਲਿਆਂ ਆਪਣੀ ਸਰਕਾਰ ਬਣਾਏਗੀ। ਇਸ ਵਾਰ ਮੌਜੂਦਾ ਮੁੱਖ ਮੰਤਰੀ ਸਣੇ ਚਾਰ ਸਾਬਕਾ ਮੁੱਖ ਮੰਤਰੀ ਚੋਣ ਮੈਣਾਨ ਵਿੱਚ ਹਨ।