ਔਰਬਿਟ ਬੱਸ ਕਾਂਡ: ਸਬੂਤਾਂ ਦੀ ਘਾਟ ਕਾਰਨ ਅਦਾਲਤ ਵੱਲੋਂ ਮੁਲਜ਼ਮ ਬਰੀ

ਮੋਗਾ, 17 ਜੁਲਾਈ (ਪੰਜਾਬ ਮੇਲ)– ਇੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਔਰਬਿਟ ਬੱਸ ਕਾਂਡ ’ਚ ਨਾਮਜ਼ਦ ਚਾਰੇ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਥਾਣਾ ਬਾਘਾਪੁਰਾਣਾ ਵਿੱਚ ਸਵਾ ਦੋ ਸਾਲ ਪਹਿਲਾਂ ਔਰਬਿਟ ਬੱਸ ਦੇ ਡਰਾਈਵਰ, ਕੰਡਕਟਰ ਤੇ ਦੋ ਹਾਕਰਾਂ ਖ਼ਿਲਾਫ਼ ਕਥਿਤ ਛੇੜਛਾੜ ਤੋਂ ਬਾਅਦ ਚੱਲਦੀ ਬੱਸ ਵਿੱਚੋਂ ਨਾਬਾਲਿਗ ਦਲਿਤ ਲੜਕੀ ਅਰਸ਼ਦੀਪ ਕੌਰ ਪਿੰਡ ਲੰਢੇਕੇ ਨੂੰ ਕਥਿਤ ਤੌਰ ’ਤੇ ਸੁੱਟ ਕੇ ਮਾਰਨ ਦਾ ਦੋਸ਼ ਲੱਗਾ ਸੀ।
ਇਸ ਮਾਮਲੇ ’ਚ ਬੱਸ ਡਰਾਈਵਰ ਰਣਜੀਤ ਸਿੰਘ, ਕੰਡਕਟਰ ਸੁਖਵਿੰਦਰ ਸਿੰਘ ਉਰਫ਼ ਪੰਮਾ, ਹਾਕਰ ਗੁਰਦੀਪ ਸਿੰਘ ਉਰਫ਼ ਜਿੰਮੀ ਅਤੇ ਅਮਰ ਰਾਜ ਉਰਫ਼ਦਾਣਾ ਖ਼ਿਲਾਫ਼ ਥਾਣਾ ਬਾਘਾਪੁਰਾਣਾ ਵਿੱਚ ਧਾਰਾ 302, 307, 354, 120-ਬੀ, 34 ਅਤੇ ਜੁਰਮ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਘਟਨਾ ਵਿੱਚ ਮ੍ਰਿਤਕਾ ਦੀ ਮਾਂ ਛਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ।
ਇੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਬੱਸ ਕਾਂਡ ਦੀ ਸੁਣਵਾਈ ਦੌਰਾਨ ਮ੍ਰਿਤਕਾ ਦਾ ਪਿਤਾ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਛਿੰਦਰ ਕੌਰ ਪੁਲੀਸ ਕੋਲ ਦਿੱਤੇ ਬਿਆਨਾਂ ਤੋਂ ਕਥਿਤ ਤੌਰ ’ਤੇ ਪਲਟ ਗਏ ਸਨ। ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਸੁਣਨ ਤੇ ਤੱਥਾਂ ਨੂੰ ਵਾਚਣ ਬਾਅਦ ਚਾਰੇ ਮੁਲਜ਼ਮਾਂ ਨੂੰ ਬਰੀ ਕਰਨ ਦਾ ਆਦੇਸ਼ ਸੁਣਾਇਆ।