ਔਰਤ ਕੈਦੀ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ’ਤੇ ਲੱਗੀ ਅਸਥਾਈ ਰੋਕ

46
Share

ਫਰਿਜ਼ਨੋ, 13 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਇੱਕ ਜੱਜ ਨੇ ਕਤਲ ’ਚ ਦੋਸ਼ੀ ਇੱਕ ਔਰਤ ਦੀ ਸਜ਼ਾ ਨੂੰ ਫਿਲਹਾਲ ਅਸਥਾਈ ਤੌਰ ’ਤੇ ਟਾਲ ਦਿੱਤਾ ਹੈ, ਜੋ ਕਿ ਦੇਸ਼ ’ਚ ਲਗਭਗ 70 ਸਾਲਾਂ ਵਿਚ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਹੈ। ਇਸ ਮਹਿਲਾ ਨੂੰ ਮੰਗਲਵਾਰ ਸ਼ਾਮ ਨੂੰ ਇੰਡੀਆਨਾ ਦੇ ਟੈਰੇ ਹੌਤੇ ਵਿਚ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ। ਲੀਜ਼ਾ ਮਾਂਟਗੋਮਰੀ ਨਾਮ ਦੀ ਇਹ ਔਰਤ (52) ਇੱਕ ਗਰਭਵਤੀ ਔਰਤ ਦੀ ਹੱਤਿਆ ਅਤੇ ਉਸ ਦਾ ਭਰੂਣ ਚੋਰੀ ਕਰਨ ਦੇ ਦੋਸ਼ ਵਿਚ 16 ਸਾਲਾਂ ਤੋਂ ਕੈਦ ਵਿਚ ਹੈ। ਇੰਡੀਆਨਾ ਦੇ ਦੱਖਣੀ ਜ਼ਿਲ੍ਹੇ ਦੇ ਜੱਜ ਜੇਮਜ਼ ਹੈਨਲੋਨ ਨੇ ਸੋਮਵਾਰ ਦੀ ਰਾਤ ਨੂੰ ਫਿਲਹਾਲ ਇਸ ਔਰਤ ਦੀ ਸਜ਼ਾ ਨੂੰ ਰੋਕ ਦਿੱਤਾ। ਜੱਜ ਹੈਨਲੋਨ ਨੇ ਆਪਣੇ ਫੈਸਲੇ ’ਚ ਮਾਂਟਗੋਮਰੀ ਦੀ ਮੌਜੂਦਾ ਮਾਨਸਿਕ ਸਥਿਤੀ ਦੀ ਗੱਲ ਕਰਦਿਆਂ, ਉਸਦੀ ਸਜ਼ਾ ਨੂੰ ਉਸਦੀ ਮਾਨਸਿਕ ਸਿਹਤ ਦੀ ਸਮੀਖਿਆ ਲਈ ਰੋਕ ਦਿੱਤਾ ਹੈ। ਇਸਦੇ ਨਾਲ ਹੀ ਜੱਜ ਹੈਨਲੋਨ ਨੇ ਕਿਹਾ ਕਿ ਅਦਾਲਤ ਮਾਂਟਗੋਮਰੀ ਦੀ ਯੋਗ ਸੁਣਵਾਈ ਲਈ ਸਮਾਂ ਅਤੇ ਮਿਤੀ ਨੂੰ ਤੈਅ ਕਰੇਗੀ। ਜ਼ਿਕਰਯੋਗ ਹੈ ਕਿ ਇਸ ਮਹਿਲਾ ਨੂੰ 2004 ’ਚ ਇੱਕ ਗਰਭਵਤੀ ਔਰਤ ਨੂੰ ਕਤਲ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ 2007 ਵਿਚ, ਉਸਨੂੰ ਦੋਸ਼ੀ ਪਾਏ ਜਾਣ ਦੇ ਨਤੀਜੇ ਵਜੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ।

Share