ਔਕਲੈਂਡ ਅਤੇ ਵਲਿੰਗਟਨ ਵਿਖੇ ਹਾਈ ਕਮਿਸ਼ਨ ਵੱਲੋਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ

111
ਸ੍ਰੀ ਭਵਦੀਪ ਸਿੰਘ ਢਿੱਲੋ ਤੇ ਮੈਡਮ ਰੂਬੀ ਢਿੱਲੋਂ
Share

26 ਜਨਵਰੀ: ਕਿਤੇ ਦੇਸ਼ ਪ੍ਰਦਰਸ਼ਨ-ਕਿਤੇ ਰੋਸ ਪ੍ਰਦਰਸ਼ਨ
-ਔਕਲੈਂਡ ’ਚ ਭਾਰਤ ਦੇਸ਼ ਆਰਥਿਕਤਾ ਅਤੇ ਕਰੋਨਾ ਵੈਕਸੀਨ ਦੀ ਤਾਰੀਫ਼
-ਵਲਿੰਗਟਨ ਵਿਖੇ ਹਾਈ ਕਮਿਸ਼ਨਰ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ
ਆਕਲੈਂਡ, 26 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਭਾਰਤ ਦੇ ਇਤਿਹਾਸ ਦਿਨ 26 ਜਨਵਰੀ  (ਗਣਤੰਤਰ ਦਿਵਸ) ਨੂੰ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਚ ਮਨਾਇਆ ਗਿਆ। ਜਿਸ ਵੇਲੇ ਭਾਰਤ ਦੇ ਵਿਚ ਅੱਜ ਮੰਗਲਵਾਰ ਚੜ੍ਹਨ ਤੋਂ ਬਾਅਦ ਸਿਰਫ 12.45 ਕੁ ਵਜੇ ਸਨ ਤਾਂ ਨਿਊਜ਼ੀਲੈਂਡ ਦੇ ਵਿਚ ਮੰਗਲਵਾਰ ਦੇ ਸਵੇਰੇ ਦੇ 8.15 ਹੋ ਚੁੱਕੇ ਸਨ। ਇਸ ਵੇਲੇ ਔਕਲੈਂਡ ਦੇ ਆਨਰੇਰੀ ਕੌਂਸਿਲ ਸ੍ਰੀ ਭਵਦੀਪ ਸਿੰਘ ਢਿੱਲੋਂ ਦੀ ਰਿਹਾਇਸ਼ ਵਿਖੇ ਗਣਤੰਤਰ ਦਿਵਸ ਦੇ ਸਬੰਧ ਵਿਚ ਇਕ ਸਮਾਗਮ ਹੋ ਰਿਹਾ ਸੀ। ਸਭ ਤੋਂ ਪਹਿਲਾਂ ਭਾਰਤ ਦਾ ਤਿੰਰਗਾ ਝੰਡਾ ਲਹਿਰਾਇਆ ਗਿਆ। ਫਿਰ ਰਾਸ਼ਟਰੀ ਗੀਤ ‘ਜਨ ਗਨ ਮਨ’ ਵੀ ਸਮੂਹਿਰ ਰੂਪ ਵਿਚ ਗਾਇਨ ਕੀਤਾ ਗਿਆ।

ਤਿਰੰਗੇ ਲਹਿਰਾਉਣ ਬਾਅਦ ਰਾਸ਼ਟਰੀ ਗੀਤ

ਭਾਰਤ ਮਾਤਾ ਜੈ, ਵੰਦੇ-ਮਾਤਰਮ ਅਤੇ ਜੈ ਹਿੰਦ ਦੇ ਨਾਅਰੇ ਲਾਏ ਗਏ। ਇਸ ਤੋਂ ਬਾਅਦ ਇਕ ਛੋਟਾ ਸਮਾਗਮ ਰੱਖਿਆ ਗਿਆ ਸੀ, ਜਿਸ ਦੇ ਵਿਚ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਇਸ ਦੀ ਸ਼ੁਰੂਆਤ ਸ. ਸੁਰਜੀਤ ਸਿੰਘ ਸੱਚਦੇਵਾ ਨੇ ਦੋ ਦੇਸ਼ ਭਗਤੀ ਦੇ ਗੀਤ ਗਾ ਕੇ ਕੀਤੀ। ਇਸ ਮੌਕੇ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਦੇ ਵਿਚ ਭਾਰਤ ਦੇ ਅੰਗਰੇਜ਼ ਕਾਲ ਤੋਂ ਲੈ ਕੇ ਸੰਵਿਧਾਨ ਦੀ ਰੂਪ-ਰੇਖਾ ਤੱਕ ਦਾ ਸੰਖੇਪ ਇਤਿਹਾਸ ਦੱਸਿਆ। ਉਨ੍ਹਾਂ ਆਧੁਨਿਕ ਭਾਰਤ ਦੀ ਗੱਲ ਕਰਦਿਆਂ ਕੁਝ  ਉਦਾਹਰਣਾ ਦਿੱਤੀਆਂ ਜੋ ਕਿ ਬਦਲਦੇ ਭਾਰਤ ਦੀ ਤਸਵੀਰ ਪੇਸ਼ ਕਰਦੀਆਂ ਸਨ। ਕਰੋਨਾ ਉਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਆਪਣੇ ਗੁਆਂਢੀ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰ ਰਿਹਾ ਹੈ। ਪੂਰਾ ਵਿਸ਼ਵ ਇਸ ਵੇਲੇ ਇਕ ਪਰਿਵਾਰ ਬਣਦਾ ਜਾ ਰਿਹਾ ਹੈ।  ਉਨ੍ਹਾਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ

ਇਸ ਤੋਂ ਬਾਅਦ ਸ੍ਰੀ ਰੌਸ਼ਨ ਨੌਹਰੀਆ, ਸ. ਕੰਵਲਜੀਤ ਸਿੰਘ ਬਖਸ਼ੀ (ਸਾਬਕਾ ਮੈਂਬਰ ਪਾਰਲੀਮੈਂਟ) ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪਹੁੰਚੇ ਮਹਿਮਾਨਾਂ ਵਾਸਤੇ ਚਾਹਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ। ਪੰਜਾਬੀ ਮੀਡੀਆ ਤੋਂ ਵੀ ਲਗਪਗ ਸਾਰੇ ਅਦਾਰੇ ਪਹੁੰਚੇ ਹੋਏ ਸਨ। ਇਸ ਸਮਾਗਮ ਦੇ ਵਿਚ ਇਕ ਗੱਲ ਜਰੂਰ ਚੁੱਭਵੀਂ ਰਹੀ ਕਿ ਕਿਸੇ ਨੇ ਵੀ ਕਿਸਾਨੀ ਸੰਘਰਸ਼ ਬਾਰੇ ਕੋਈ ਗੱਲ ਨਹੀਂ ਕੀਤੀ। ਕਿਸਾਨਾਂ ਦੀ ਹੋ ਰਹੀ ਪ੍ਰੇਡ ਬਾਰੇ ਜਾਂ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਕੁਝ ਵੀਰ ਜਰੂਰ ਹਰੀਆਂ ਪੱਗਾਂ ਅਤੇ ਡੱਬੀਆਂ ਵਾਲੇ ਪਰਨੇ ਨਾਲ ਪਹੁੰਚੇ ਹੋਏ ਸਨ।
ਵਲਿੰਗਟਨ ਵਿਖੇ ਹਾਈ ਕਮਿਸ਼ਨਰ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ
ਅੱਜ ਸਵੇਰੇ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਵੀ ਗਣਤੰਤਰ ਦਿਵਸ ਦੇ ਸਬੰਧ ਵਿਚ ਸਮਾਗਮ ਰੱਖਿਆ ਗਿਆ ਸੀ। ਸਵੇਰੇ 9.30 ਵਜੇ ਇਥੇ ਵੀ ਝੰਡਾ ਲਹਿਰਾਇਆ ਗਿਆ। ਇਥੇ ਇਕ ਗੱਲ ਜਰੂਰ ਵੇਖਣ ਨੂੰ ਮਿਲੀ ਕਿ ਇਥੇ ਸਵੇਰੇ 10 ਵਜੇ ਵਲਿੰਗਟਨ ਵਾਸਤੇ ਭਾਰਤੀਆਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ। ਉਹ ਆਪਣੇ ਕੋਲ ਕੇਸਰੀ ਝੰਡਾ ਵੀ ਲੈ ਕੇ ਆਏ ਹੋਏ ਸਨ ਅਤੇ ਹੱਥਾਂ ਦੇ ਵਿਚ ਕਿਸਾਨਾਂ ਦੀ ਹਮਾਇਤ ਵਾਸਤੇ ਨਾਅਰੇ ਲਿਖ ਕੇ ਆਏ ਹੋਏ ਸਨ। ਰੋਸ ਪ੍ਰਦਰਸ਼ਨ ਵੀ 11 ਵਜੇ ਤੱਕ ਚੱਲਦਾ ਰਿਹਾ।


Share