ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਆਬੂ ਧਾਬੀ ‘ਚ ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਹੋਈ ਮੁਆਫ

ਲੁਧਿਆਣਾ, 6 ਜੂਨ (ਪੰਜਾਬ ਮੇਲ)- ਆਬੂ ਧਾਬੀ ਦੀ ਐੱਲ.ਐੱਨ. ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਮੁਆਫ ਕੀਤੇ ਜਾਣ ਤੋਂ ਬਾਅਦ ਤਿੰਨ ਪੰਜਾਬੀ ਠੀਕਰੀਵਾਲਾ ਦੇ ਸਤਵਿੰਦਰ ਸਿੰਘ, ਸਮਰਾਲਾ ਦੇ ਕਰਮਵੀਰ ਅਤੇ ਮਾਹਿਲਪੁਰ ਦੇ ਚੰਦਰ ਸ਼ੇਖਰ ਲੁਧਿਆਣਾ ਪੁੱਜ ਗਏ ਹਨ। ਬਾਕੀ ਦੇ 7 ਆਉਂਦੇ ਦਿਨਾਂ ਤੱਕ ਭਾਰਤ ਪਰਤ ਆਉਣਗੇ। ਇਹ ਤਿੰਨੋਂ ਪੰਜਾਬੀ ਲੁਧਿਆਣਾ ਦੇ ਬੱਸ ਸਟੈਂਡ ‘ਤੇ ਪੁੱਜੇ, ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਪਿਛਲੇ ਸਾਲ ਦੀ 22 ਮਾਰਚ ਨੂੰ ਆਬੂਧਾਬੀ ਦੀ ਐੱਲ.ਐੱਨ. ਅਦਾਲਤ ਵੱਲੋਂ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਤੋਂ ਬਰੀ ਕਰ ਦਿੱਤਾ ਸੀ। ਸ. ਐੱਸ.ਪੀ. ਸਿੰਘ ਓਬਰਾਏ ਵੱਲੋਂ ਬਲੱਡ ਮਨੀ ਅਦਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਬਰੀ ਕੀਤਾ ਗਿਆ ਸੀ। ਭਾਵੇਂ ਕਿ ਐੱਲ ਐੱਨ ਅਦਾਲਤ ਵੱਲੋਂ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਤੋਂ ਮੁਕਤ ਕਰ ਦਿੱਤਾ ਗਿਆ ਸੀ ਪਰ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਵਜੋਂ ਕੁਝ ਸਾਲਾਂ ਦੀ ਸਜ਼ਾ ਇਨ੍ਹਾਂ ਨੂੰ ਸੁਣਾਈ ਗਈ ਸੀ। ਰਮਜ਼ਾਨ ਦੇ ਮਹੀਨੇ ਇਨ੍ਹਾਂ ਪੰਜਾਬੀਆਂ ਵੱਲੋਂ ਉੱਥੋਂ ਦੀ ਸਰਕਾਰ ਨੂੰ ਰਿਹਾਈ ਦੀ ਅਪੀਲ ਕੀਤੀ ਗਈ ਸੀ, ਜੋ ਮਨ ਲਈ ਗਈ ਹੈ, ਜਿਸ ਦੇ ਚੱਲਦੇ ਹੀ ਇਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ ਹੈ। ਸ. ਓਬਰਾਏ ਨੇ ਸੂਚਿਤ ਕੀਤਾ ਕਿ ਬਾਕੀ ਰਹਿੰਦੇ 7 ਪੰਜਾਬੀ ਵੀ ਜਲਦੀ ਹੀ ਆਪਣੇ ਦੇਸ਼ ਪਰਤ ਆਉਣਗੇ।