ਐੱਸ.ਟੀ.ਐੱਫ. ਵੱਲੋਂ ਗ੍ਰਿਫ਼ਤਾਰ ਇੰਦੂ ਹੈ ਮੋਗਾ ਸੈਕਸ ਸਕੈਂਡਲ ਦੀ ਸਰਗਨਾ

* ਪੁਲਿਸ ਦੇ ਕਈ ਵੱਡੇ ਅਧਿਕਾਰੀਆਂ ਤੱਕ ਰੱਖਦੀ ਹੈ ਪਹੁੰਚ
* ਡਾਂਸਰ ਤੋਂ ਬਾਅਦ ਦੇਹ ਵਪਾਰ ਤੇ ਹੁਣ ਨਸ਼ਾ ਤਸਕਰੀ ‘ਚ ਸ਼ਾਮਲ
ਅੰਮ੍ਰਿਤਸਰ, 30 ਅਗਸਤ (ਪੰਜਾਬ ਮੇਲ)-ਐੱਸ.ਟੀ.ਐੱਫ. ਵੱਲੋਂ ਗ੍ਰਿਫ਼ਤਾਰ ਕੀਤੀ ਗਈ ਨਸ਼ਾ ਤਸਕਰ ਗਿਰੋਹ ਦੀ ਸਰਗਨਾ ਤੇ ਫਰੀਦਕੋਟ ਜੇਲ੍ਹ ‘ਚ ਬੰਦ ਸਿਮਰਜੀਤ ਕੌਰ ਉਰਫ ਇੰਦੂ ਸਾਲ 2007 ‘ਚ ਮੋਗਾ ‘ਚ ਹੋਏ ਮੋਗਾ ਸੈਕਸ ਸਕੈਂਡਲ ਦੀ ਸਰਗਨਾ ਰਹਿ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਦੂ ਦੇ ਕਈ ਵੱਡੇ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਸਬੰਧ ਹਨ।
ਯਾਦ ਰਹੇ ਮੋਗਾ ਸੈਕਸ ਸਕੈਂਡਲ ਵਿਚ ਕਈ ਵੱਡੇ ਪੁਲਿਸ ਅਫਸਰਾਂ ਦੇ ਨਾਂ ਵੀ ਸਾਹਮਣੇ ਆਏ ਸਨ। ਚਰਚਾ ਹੈ ਕਿ ਹੁਣ ਇੰਦੂ ਦੇ ਸਬੰਧ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਖਰਾਬ ਹੋ ਚੁੱਕੇ ਹਨ ਜਿਸ ਕਾਰਨ ਉਸ ਨੂੰ ਸਲਾਖਾਂ ਪਿੱਛੇ ਜਾਣ ਤੋਂ ਕੋਈ ਬਚਾਅ ਨਾ ਸਕਿਆ। ਮਾਮਲੇ ਦੀ ਪੈਰਵੀ ਕਰ ਰਹੇ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਫੜੇ ਗਏ ਦਵਿੰਦਰ ਸਿੰਘ ਉਰਫ ਲੱਕੀ ਨੇ ਉਕਤ ਗੱਲ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੰਦੂ ਨੂੰ ਜਲਦ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਜਾਵੇਗਾ।
ਪੁਲਿਸ ਮੁਤਾਬਕ ਇੰਦੂ ਸਾਲ 2005 ‘ਚ ਇਕ ਆਰਕੈਸਟਰਾ ‘ਚ ਬਤੌਰ ਡਾਂਸਰ ਕੰਮ ਕਰਦੀ ਸੀ। ਉਦੋਂ ਉਸ ਦੇ ਹੁਸਨ ਦੇ ਕਈ ਪੁਜਾਰੀ ਸਨ। ਇਸ ਦੌਰਾਨ ਉਸ ਨੇ ਆਰਕੈਸਟਰਾ ਚਲਾਉਣ ਵਾਲੇ ਮੋਗਾ ਦੇ ਸਿੰਗਾਵਾਲ ਪਿੰਡ ਵਾਸੀ ਸਤਪਾਲ ਸਿੰਘ ਨਾਲ ਵਿਆਹ ਕਰਵਾ ਲਿਆ ਪਰ ਇੰਦੂ ਦੇ ਕਦਰਦਾਨ ਇੰਨੇ ਸਨ ਕਿ ਉਸ ਨੂੰ ਵੀ ਪਤਾ ਨਹੀਂ ਚੱਲਿਆ ਕਿ ਉਹ ਕਦੋਂ ਦੇਹ ਵਪਾਰ ਦੇ ਧੰਦੇ ਵਿਚ ਜਾ ਵੜੀ। ਆਰਕੈਸਟਰਾ ਗਰੁੱਪ ਦੀ ਆੜ ਵਿਚ ਉਸ ਕੋਲ ਕਈ ਲੜਕੀਆਂ ਕੰਮ ਲਈ ਆਉਣ ਲੱਗੀਆਂ। ਉਹ ਉਨ੍ਹਾਂ ਤੋਂ ਬਤੌਰ ਡਾਂਸਰ ਕੰਮ ਕਰਵਾਉਂਦੀ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਧੰਦੇ ਵਿਚ ਵੀ ਧੱਕ ਦਿੰਦੀ। ਦੋਸ਼ ਹੈ ਕਿ ਸਾਲ 2007 ‘ਚ ਮੋਗਾ ਵਿਚ ਹੋਏ ਸੈਕਸ ਸਕੈਂਡਲ ਵਿਚ ਇੰਦੂ ਦਾ ਨਾਂ ਮੁੱਖ ਸੰਚਾਲਕਾ ਵਜੋਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਹ ਜ਼ਮਾਨਤ ‘ਤੇ ਛੁੱਟੀ ਅਤੇ ਫਿਰ ਨਸ਼ਾ ਤਸਕਰੀ ਦੇ ਕਾਰੋਬਾਰ ਵਿਚ ਸ਼ਾਮਲ ਹੋ ਗਈ। ਪਤਾ ਲੱਗਾ ਹੈ ਕਿ ਹੁਣ ਨਸ਼ਾ ਤਸਕਰੀ ਦੇ ਧੰਦੇ ਵਿਚ ਉਸ ਦਾ ਪਤੀ ਸਤਨਾਮ ਸਿੰਘ ਵੀ ਸ਼ਾਮਲ ਹੈ। ਨਸ਼ੇ ਦੇ ਧੰਦੇ ਵਿਚ ਜਲਦੀ ਤੇ ਵੱਧ ਪੈਸਿਆਂ ਦੇ ਚੱਕਰ ਵਿਚ ਗਿਰੋਹ ਚਲਾਉਣ ਵਾਲੀ ਇੰਦੂ ਨੇ ਨਸ਼ੇ ਦੀਆਂ ਵੱਡੀਆਂ ਖੇਪਾਂ ਟਿਕਾਣੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।