ਐੱਸ.ਜੀ.ਪੀ.ਸੀ. ਵੱਲੋਂ ਬਜਟ ਸਮਾਗਮ 30 ਮਾਰਚ ਨੂੰ

85
Share

-ਦਿੱਲੀ ’ਚ ਅੰਦੋਲਨਕਾਰੀ ਕਿਸਾਨਾਂ ਲਈ ਆਰਜ਼ੀ ਸ਼ੈੱਡ ਬਣਾਉਣ ਦਾ ਫ਼ੈਸਲਾ
ਅੰਮਿ੍ਰਤਸਰ, 4 ਮਾਰਚ (ਪੰਜਾਬ ਮੇਲ)- ਸਾਲ 2021-22 ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮਿ੍ਰਤਸਰ) ਵੱਲੋਂ ਬਜਟ ਸਮਾਗਮ 30 ਮਾਰਚ ਨੂੰ ਸੱਦਿਆ ਗਿਆ ਹੈ। ਇਹ ਫ਼ੈਸਲਾ ਅੱਜ ਅੰਤਿ੍ਰੰਗ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ 11 ਅਤੇ 13 ਮਾਰਚ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਰੱਖੀਆਂ ਮੀਟਿੰਗਾਂ ਦੌਰਾਨ ਬਜਟ ਸਬੰਧੀ ਸੁਝਾਅ ਵੀ ਲਏ ਜਾਣਗੇ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਗਰਮੀਆਂ ਦੀ ਰੁੱਤ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਵਿਖੇ ਕਿਸਾਨਾਂ ਵਾਸਤੇ ਟੀਨਾ ਦੇ ਆਰਜ਼ੀ ਸ਼ੈੱਡ ਬਣਾਏ ਜਾਣਗੇ ਅਤੇ ਪੱਖੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਮਾਗਮ ਬੰਗਲਾਦੇਸ਼ ਵਿਚ ਵੀ ਕੀਤੇ ਜਾਣਗੇ।

Share