ਐੱਫ.ਬੀ.ਆਈ. ਨੂੰ ਅਮਰੀਕੀ ਸੰਸਦ ’ਤੇ ਹਮਲੇ ’ਚ ਵਿਦੇਸ਼ੀ ਹੱਥ ਹੋਣ ਦੀ ਸ਼ੰਕਾ!

201
Share

ਵਾਸ਼ਿੰਗਟਨ, 18 ਜਨਵਰੀ (ਪੰਜਾਬ ਮੇਲ)- ਵਾਸ਼ਿੰਗਟਨ ਦੀ ਸੰਸਦ (ਕੈਪੀਟਲ ਹਿਲ) ’ਚ ਹਿੰਸਕ ਪ੍ਰਦਰਸ਼ਨ ਦੇ ਮਾਮਲੇ ’ਚ ਖ਼ੁਫ਼ੀਆ ਏਜੰਸੀ ਐੱਫ.ਬੀ.ਆਈ. ਵਿਦੇਸ਼ੀ ਹੱਥ ਲੱਭ ਰਹੀ ਹੈ। ਐੱਫ.ਬੀ.ਆਈ. ਨੂੰ ਸ਼ੰਕਾ ਹੈ ਕਿ ਹਿੰਸਾ ਵਿਚ ਵਿਦੇਸ਼ੀ ਸੰਗਠਨ ਜਾਂ ਕਿਸੇ ਸਰਕਾਰ ਦਾ ਵੀ ਹੱਥ ਹੋ ਸਕਦਾ ਹੈ।
ਮੌਜੂਦਾ ਅਤੇ ਇਕ ਸੇਵਾਮੁਕਤ ਹੋ ਰਹੇ ਅਧਿਕਾਰੀ ਦੇ ਹਵਾਲੇ ਨਾਲ ਮੀਡੀਆ ਵਿਚ ਖ਼ਬਰ ਆਈ ਹੈ ਕਿ ਕੈਪੀਟਲ ਹਿਲ ’ਤੇ ਦੰਗਾ ਹੋਣ ਤੋਂ ਪਹਿਲੇ ਪੰਜ ਲੱਖ ਡਾਲਰ ਦਾ ਬਿਟਕੁਆਇਨ ’ਚ ਭੁਗਤਾਨ ਕੀਤਾ ਗਿਆ ਸੀ। ਇਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇਹ ਭੁਗਤਾਨ ਫਰਾਂਸ ਦੇ ਇਕ ਨਾਗਰਿਕ ਨੇ ਅਮਰੀਕਾ ਦੇ ਇਕ ਪ੍ਰਮੁੱਖ ਵਿਅਕਤੀ ਨੂੰ ਕੀਤਾ ਸੀ। ਇਸ ਤਰ੍ਹਾਂ ਦਾ ਭੁਗਤਾਨ ਦਸਤਾਵੇਜ਼ਾਂ ਨੂੰ ਦੇਖਣ ਤੋਂ ਪਤਾ ਲੱਗਾ ਹੈ। ਖ਼ੁਫ਼ੀਆ ਏਜੰਸੀਆਂ ਇਹ ਵੀ ਪਤਾ ਲਗਾਉਣ ਦਾ ਯਤਨ ਕਰ ਰਹੀਆਂ ਹਨ ਕਿ ਕਿਤੇ ਇਸ ਵਿਚ ਚੀਨ, ਰੂਸ ਅਤੇ ਈਰਾਨ ਦੇ ਸਰਗਰਮ ਤੱਤਾਂ ਦਾ ਤਾਂ ਹੱਥ ਨਹੀਂ ਹੈ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਭੁਗਤਾਨ ਕਰਨ ਵਾਲੇ ਵਿਅਕਤੀ ਨੇ 8 ਦਸੰਬਰ ਨੂੰ ਖ਼ੁਦਕੁਸ਼ੀ ਵੀ ਕਰ ਲਈ ਹੈ।
ਜਾਂਚ ਐੱਫ.ਬੀ.ਆਈ. ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੋਵੇਂ ਹੀ ਸਾਂਝੇ ਤੌਰ ’ਤੇ ਕਰ ਰਹੇ ਹਨ। ਪਿਛਲੇ ਹਫ਼ਤੇ ਹੀ ਕਾਰਜਕਾਰੀ ਅਟਾਰਨੀ ਜਨਰਲ ਮਾਈਕਲ ਸ਼ੇਰਵਿਨ ਨੇ ਕਿਹਾ ਸੀ ਕਿ 6 ਜਨਵਰੀ ਦੀ ਹਿੰਸਾ ਵਿਚ ਅੰਤਰਰਾਸ਼ਟਰੀ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜੋਅ ਬਾਇਡਨ ਦੇ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਨੂੰ ਸਹੁੰ ਚੁੱਕਣ ਨੂੰ ਲੈ ਕੇ ਐੱਫ.ਬੀ.ਆਈ. ਨੇ 16 ਜਨਵਰੀ ਤੋਂ 20 ਜਨਵਰੀ ਤੱਕ ਸਾਰੇ 50 ਰਾਜਾਂ ਵਿਚ ਹਥਿਆਰਬੰਦ ਪ੍ਰਦਰਸ਼ਨ ਦੇ ਖ਼ਦਸ਼ੇ ਵਿਚ ਚਿਤਾਵਨੀ ਜਾਰੀ ਕੀਤੀ ਹੈ। ਵਾਸ਼ਿੰਗਟਨ ਦੇ ਕੈਪੀਟਲ ਹਿਲ ’ਚ 25 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਹੈ।

Share