ਐੱਨ.ਆਈ.ਏ. ਵੱਲੋਂ ਲਸ਼ਕਰ ਦਹਿਸ਼ਤੀ ਜਥੇਬੰਦੀ ਭਰਤੀ ਮਾਮਲੇ ‘ਚ ਭਾਰਤੀ ਡਾਕਟਰ ਗ੍ਰਿਫ਼ਤਾਰ

202
Share

-ਗਲਾਸਗੋ ਹਵਾਈ ਅੱਡੇ ‘ਤੇ ਹੋਏ ਫਿਦਾਈਨ ਹਮਲੇ ‘ਚ ਸ਼ਾਮਲ ਕਫ਼ੀਲ ਅਹਿਮਦ ਦਾ ਛੋਟਾ ਭਰਾ ਹੈ ਡਾਕਟਰ
ਬੰਗਲੂਰੂ, 30 ਅਗਸਤ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ ਨੇ ਸਾਲ 2012 ਲਸ਼ਕਰ ਦਹਿਸ਼ਤੀ ਜਥੇਬੰਦੀ ਭਰਤੀ ਮਾਮਲੇ ਵਿਚ ਭਾਰਤੀ ਡਾਕਟਰ ਸਬੀਲ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ। ਅਹਿਮਦ, 2007 ‘ਚ ਗਲਾਸਗੋ ਹਵਾਈ ਅੱਡੇ ‘ਤੇ ਕੀਤੇ ਫਿਦਾਈਨ ਹਮਲੇ ਵਿਚ ਸ਼ਾਮਲ ਐਰੋਨਾਟੀਕਲ ਇੰਜਨੀਅਰ ਕਫ਼ੀਲ ਅਹਿਮਦ ਦਾ ਛੋਟਾ ਭਰਾ ਹੈ। ਸਬੀਲ ਅਹਿਮਦ ਨੂੰ ਸਾਊਦੀ ਅਰਬ ਤੋਂ ਡਿਪੋਰਟ ਕੀਤਾ ਗਿਆ ਹੈ, ਜਿੱਥੇ ਉਹ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਲਈ ਭਾਰਤ ਵਿਚ ਲੋਕਾਂ ਦੀ ਭਰਤੀ ਮਾਮਲੇ ‘ਚ ਕਥਿਤ ਸ਼ਮੂਲੀਅਤ ਲਈ ਪੁਲਿਸ ਦੀ ਹਿਰਾਸਤ ‘ਚ ਸੀ। ਫਿਦਾਇਨ ਹਮਲੇ ਮੌਕੇ ਸਬੀਲ ਅਹਿਮਦ (38) ਲੰਡਨ ‘ਚ ਸੀ। ਅਹਿਮਦ 2010 ਵਿੱਚ ਸਾਊਦੀ ਅਰਬ ਚਲਾ ਗਿਆ ਤੇ ਉਥੇ ਕਿੰਗ ਫਾਹਦ ਹਸਪਤਾਲ ਵਿਚ ਕੰਮ ਕਰਦਾ ਸੀ। ਲਸ਼ਕਰ ਲਈ ਭਰਤੀ ਮਾਮਲੇ ਵਿਚ ਹੁਣ ਤੱਕ 25 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਨ.ਆਈ.ਏ. ਨੇ ਅਹਿਮਦ ਖਿਲਾਫ਼ ਗ਼ੈਰਜ਼ਮਾਨਤੀ ਵਾਰੰਟ ਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ। ਬੰਗਲੂਰੂ ਪੁਲਿਸ ਨੇ ਇਹ ਕੇਸ ਕਾਲਮਨਵੀਸ ਪ੍ਰਤਾਪ ਸਿਮਹਾ, ਜੋ ਕਿ ਮੌਜੂਦਾ ਸਮੇਂ ਕਰਨਾਟਕ ਦੇ ਮੈਸੂਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ, ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ। ਸਿਮਹਾ ਨੇ ਦਾਅਵਾ ਕੀਤਾ ਸੀ ਕਿ ਉਸ ‘ਤੇ ਹਮਲੇ ਦੀ ਸਾਜ਼ਿਸ਼ ਤਹਿਤ ਇਹ ਭਰਤੀ ਕੀਤੀ ਗਈ ਹੈ। ਹੁਣ ਤੱਕ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ 14 ਸਜ਼ਾ ਕੱਟਣ ਮਗਰੋਂ ਰਿਹਾਅ ਕੀਤੇ ਜਾ ਚੁੱਕੇ ਹਨ।


Share