ਐੱਚ-1ਬੀ ਵੀਜ਼ਾ ਦੀਆਂ ਸ਼ੁਰੂਆਤੀ ਰਜਿਸਟ੍ਰੇਸ਼ਨ ਵਕਫੇ ’ਤੇ ਆਧਾਰਿਤ ਰੱਦ ਹੋਈਆਂ ਅਰਜ਼ੀਆਂ ਮੁੜ ਦਾਖ਼ਲ ਕਰਨ ਦੀ ਮਨਜ਼ੂਰੀ

173
Share

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਅਮਰੀਕਾ ’ਚ ਅਜਿਹੇ ਵਿਦੇਸ਼ੀ ਮਹਿਮਾਨ ਵਰਕਰ ਐੱਚ-1ਬੀ ਵੀਜ਼ਾ ਲਈ ਮੁੜ ਤੋਂ ਅਰਜ਼ੀਆਂ ਦਾਖ਼ਲ ਕਰ ਸਕਣਗੇ, ਜਿਨ੍ਹਾਂ ਦੀਆਂ ਅਰਜ਼ੀਆਂ ਨੂੰ ਸ਼ੁਰੂਆਤੀ ਰਜਿਸਟਰੇਸ਼ਨ ਵਕਫ਼ੇ ’ਤੇ ਆਧਾਰਿਤ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਮੁਤਾਬਕ ਅਜਿਹੇ ਲੋਕ ਮੁੜ ਤੋਂ ਅਰਜ਼ੀਆਂ ਦਾਖ਼ਲ ਕਰ ਸਕਦੇ ਹਨ, ਜਿਨ੍ਹਾਂ ਦੀਆਂ ਅਰਜ਼ੀਆਂ ਸਿਰਫ਼ ਇਸ ਵਾਸਤੇ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਪ੍ਰਸ਼ਾਸਨਿਕ ਤੌਰ ’ਤੇ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਦੀ ਬੇਨਤੀ ਸ਼ੁਰੂਆਤ ਤਰੀਕ 1 ਅਕਤੂਬਰ 2020 ਤੋਂ ਬਾਅਦ ਸੀ। ਐੱਚ-1ਬੀ ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ, ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਵਿਸ਼ੇਸ਼ ਪੇਸ਼ਿਆਂ ’ਚ ਵਿਦੇਸ਼ੀ ਵਰਕਰਾਂ ਨੂੰ ਨੌਕਰੀਆਂ ’ਤੇ ਰੱਖਦੀਆਂ ਹਨ। ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ, ‘‘ਜੇਕਰ ਤੁਹਾਡੀ ਵਿੱਤੀ ਵਰ੍ਹੇ 2021 ਦੀ ਪਟੀਸ਼ਨ ਇਸ ਵਾਸਤੇ ਪੂਰੀ ਤਰ੍ਹਾਂ ਰੱਦ ਜਾਂ ਪ੍ਰਸ਼ਾਸਨਿਕ ਤੌਰ ’ਤੇ ਬੰਦ ਕੀਤੀ ਗਈ ਹੈ ਕਿਉਂਕਿ ਤੁਹਾਡੀ ਪਟੀਸ਼ਨ ਸ਼ੁਰੂਆਤੀ ਰਜਿਸਟਰੇਸ਼ਨ ਵਕਫ਼ੇ ਦੌਰਾਨ ਜਮ੍ਹਾਂ ਕੀਤੇ ਗਏ ਰਜਿਸਟਰੇਸ਼ਨ ’ਤੇ ਆਧਾਰਤ ਸੀ ਪਰ ਤੁਸੀਂ 1 ਅਕਤੂਬਰ 2020 ਤੋਂ ਬਾਅਦ ਕਿਸੇ ਸ਼ੁਰੂਆਤੀ ਤਰੀਕ ਦੀ ਅਪੀਲ ਕੀਤੀ ਸੀ, ਤਾਂ ਤੁਸੀਂ ਪਹਿਲਾਂ ਤੋਂ ਦਾਇਰ ਪਟੀਸ਼ਨ ਨੂੰ ਮੁੜ ਤੋਂ ਦਾਖ਼ਲ ਕਰ ਸਕਦੇ ਹੋ।’’ ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਇਨ੍ਹਾਂ ਪਟੀਸ਼ਨਾਂ ਨੂੰ 1 ਅਕਤੂਬਰ 2021 ਤੋਂ ਪਹਿਲਾਂ ਜਮ੍ਹਾਂ ਕੀਤਾ ਜਾ ਸਕਦਾ ਹੈ।

Share